ਦਿੱਲੀ ਹਵਾਈ ਅੱਡੇ ''ਤੇ 10 ਉਡਾਣਾਂ ਰੱਦ, 270 ਤੋਂ ਵੱਧ ਲੇਟ
Tuesday, Dec 23, 2025 - 01:29 PM (IST)
ਨਵੀਂ ਦਿੱਲੀ (ਭਾਸ਼ਾ) : ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ 10 ਉਡਾਣਾਂ ਰੱਦ ਅਤੇ 270 ਤੋਂ ਵੱਧ ਦੇਰੀ ਨਾਲ ਉੱਡੀਆਂ। ਇੱਕ ਅਧਿਕਾਰੀ ਨੇ ਕਿਹਾ ਕਿ ਦਿਨ ਦੌਰਾਨ ਛੇ ਅਰਾਈਵਲ ਤੇ ਚਾਰ ਡਿਪਾਚਰ ਰੱਦ ਕੀਤੇ ਗਏ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਅਨੁਸਾਰ, 270 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ, ਜਿਸ ਵਿੱਚ ਰਵਾਨਗੀ ਲਈ ਔਸਤ ਦੇਰੀ 29 ਮਿੰਟ ਸੀ। ਦਿੱਲੀ ਹਵਾਈ ਅੱਡੇ ਦੇ ਸੰਚਾਲਕ, ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (DIAL) ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ, "ਹਵਾਈ ਅੱਡੇ 'ਤੇ ਵਿਜ਼ੀਬਿਲਟੀ 'ਚ ਸੁਧਾਰ ਹੋ ਰਿਹਾ ਹੈ ਹਾਲਾਂਕਿ, ਕੁਝ ਸਥਾਨਾਂ ਲਈ ਰਵਾਨਗੀ ਵਿੱਚ ਦੇਰੀ ਹੋ ਸਕਦੀ ਹੈ।" ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਪ੍ਰਬੰਧਨ ਕਰਦਾ ਹੈ।
