ਹਿੰਦੀ ਵਿਵਾਦ : ਮਹਾਰਾਸ਼ਟਰ ਸਰਕਾਰ ਨੇ ‘3 ਭਾਸ਼ਾਈ’ ਨੀਤੀ ’ਤੇ ਸਰਕਾਰੀ ਹੁਕਮ ਨੂੰ ਕੀਤਾ ਰੱਦ
Monday, Jun 30, 2025 - 03:33 PM (IST)

ਮੁੰਬਈ- ਮਹਾਰਾਸ਼ਟਰ ਦੇ ਸਕੂਲਾਂ ’ਚ ਪਹਿਲੀ ਜਮਾਤ ਤੋਂ ਹਿੰਦੀ ਭਾਸ਼ਾ ਨੂੰ ਸ਼ਾਮਲ ਕਰਨ ਵਿਰੁੱਧ ਵਧ ਰਹੇ ਵਿਰੋਧ ਵਿਖਾਵਿਆਂ ਦਰਮਿਆਨ ਸੂਬਾਈ ਮੰਤਰੀ ਮੰਡਲ ਨੇ ਐਤਵਾਰ ‘ਤਿੰਨ-ਭਾਸ਼ਾਈ’ ਨੀਤੀ ’ਤੇ ਸਰਕਾਰੀ ਹੁਕਮ ਰੱਦ ਕਰ ਦਿੱਤਾ। ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਭਾਸ਼ਾ ਨੀਤੀ ਨੂੰ ਲਾਗੂ ਕਰਨ ਤੇ ਅੱਗੇ ਵਧਣ ਦਾ ਰਸਤਾ ਸੁਝਾਉਣ ਲਈ ਸਿੱਖਿਆ ਸ਼ਾਸਤਰੀ ਨਰਿੰਦਰ ਜਾਧਵ ਦੀ ਅਗਵਾਈ ਹੇਠ ਇਕ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ।
ਫੜਨਵੀਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵਜੋਂ ਊਧਵ ਠਾਕਰੇ ਨੇ ਪਹਿਲੀ ਤੋਂ 12ਵੀਂ ਜਮਾਤ ਤੱਕ ਤਿੰਨ-ਭਾਸ਼ਾਈ ਨੀਤੀ ਨੂੰ ਲਾਗੂ ਕਰਨ ਲਈ ਡਾ. ਰਘੂਨਾਥ ਮਾਸ਼ੇਲਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਸੀ । ਨਾਲ ਹੀ ਨੀਤੀ ਨੂੰ ਲਾਗੂ ਕਰਨ ਲਈ ਇਕ ਕਮੇਟੀ ਵੀ ਬਣਾਈ ਸੀ। ਫੜਨਵੀਸ ਨੇ ਕਿਹਾ ਕਿ ਕੈਬਨਿਟ ਨੇ ਪਹਿਲੀ ਜਮਾਤ ਤੋਂ ‘ਤਿੰਨ-ਭਾਸ਼ਾਈ’ ਨੀਤੀ ਨੂੰ ਲਾਗੂ ਕਰਨ ਸੰਬੰਧੀ ਅਪ੍ਰੈਲ ਤੇ ਜੂਨ ਚ ਜਾਰੀ ਕੀਤੇ ਗਏ 2 ਸਰਕਾਰੀ ਹੁਕਮਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਫੜਨਵੀਸ ਸਰਕਾਰ ਨੇ 16 ਅਪ੍ਰੈਲ ਨੂੰ ਇਕ ਸਰਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ’ਚ ਅੰਗਰੇਜ਼ੀ ਤੇ ਮਰਾਠੀ ਮਾਧਿਅਮ ਵਾਲੇ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਤੀਜੀ ਲਾਜ਼ਮੀ ਭਾਸ਼ਾ ਬਣਾਇਆ ਗਿਆ ਸੀ। ਵਿਰੋਧ ਪ੍ਰਦਰਸ਼ਨ ਵਧਣ ਪਿੱਛੋਂ ਸਰਕਾਰ ਨੇ 17 ਜੂਨ ਨੂੰ ਇਕ ਸੋਧਿਆ ਹੋਇਆ ਸਰਕਾਰੀ ਹੁਕਮ ਜਾਰੀ ਕੀਤਾ ਸੀ ਜਿਸ ’ਚ ਹਿੰਦੀ ਨੂੰ ਇਕ ਬਦਲਵੀਂ ਭਾਸ਼ਾ ਬਣਾ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8