ਕੇਂਦਰ ਸਰਕਾਰ ਨੇ ਇਕ ਵੀ ਰਾਸ਼ਨ ਕਾਰਡ ਕੱਟਣ ਦੇ ਹੁਕਮ ਨਹੀਂ ਦਿੱਤੇ: ਨਿਮਿਸ਼ਾ ਮਹਿਤਾ

Monday, Aug 25, 2025 - 02:57 PM (IST)

ਕੇਂਦਰ ਸਰਕਾਰ ਨੇ ਇਕ ਵੀ ਰਾਸ਼ਨ ਕਾਰਡ ਕੱਟਣ ਦੇ ਹੁਕਮ ਨਹੀਂ ਦਿੱਤੇ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਕੱਟਣ ਦੇ ਭਾਜਪਾ ਕੇਂਦਰੀ ਸਰਕਾਰ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਝੂਠ ਕਰਾਰ ਦਿੰਦੇ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਵਾਲੀ ਸਰਕਾਰ ਨੇ ਇਕ ਵੀ ਰਾਸ਼ਨ ਕਾਰਡ ਕੱਟਣ ਦੇ ਹੁਕਮ ਨਹੀਂ ਦਿੱਤੇ ਹਨ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਬਕਾਇਦਾ ਮੀਡੀਆ ਰਾਹੀਂ ਇਸ ਗੱਲ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿਚ ਕੁੱਲ੍ਹ 1 ਕਰੋੜ 41 ਲੱਖ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਰਾਸ਼ਨ ਭੇਜਿਆ ਜਾਂਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਕ ਵੀ ਰਾਸ਼ਨ ਕਾਰਡ ਕੱਟਣ ਦੇ ਹੁਕਮ ਨਹੀਂ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ ਕਰਵਾਉਣ ਦੇ ਹੁਕਮ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਸ ਕਰਕੇ ਇਹ ਨਿਰਦੇਸ਼ ਸਿਰਫ਼ ਪੰਜਾਬ ਲਈ ਹੀ ਨਹੀਂ ਬਾਕੀ ਸੂਬਿਆਂ 'ਤੇ ਵੀ ਲਾਗੂ ਕੀਤੇ ਗਏ ਹਨ। ਈ. ਕੇ. ਵਾਈ. ਸੀ. ਕਰਵਾਉਣ ਦਾ ਅਰਥ ਕਿਥਰੇ ਵੀ ਕਾਰਡਾਂ ਨੂੰ ਕੱਟਣਾ ਨਹੀਂ ਸਗੋਂ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨਾ ਹੈ। 

ਇਹ ਵੀ ਪੜ੍ਹੋ: ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ 'ਚ ਕਰਵਾਇਆ ਵੱਡਾ ਕਾਂਡ, DGP ਗੌਰਵ ਯਾਦਵ ਦੇ ਵੱਡੇ ਖ਼ੁਲਾਸੇ

ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਸੱਤਾ ਵਿਚ ਆਉਂਦੇ ਸਾਰ ਇਸ ਸਰਕਾਰ ਨੇ ਪਿਛਲੀਆਂ ਸਰਕਾਰਾਂ 'ਤੇ ਤੋਹਮਤਾਂ ਲਗਾ ਕੇ ਦੋ ਵਾਰ ਜਨਤਾ ਦੇ ਦਾਣਿਆਂ ਵਾਲੇ ਕਾਰਡ ਕੱਟੇ ਅਤੇ ਦੋ ਵਾਰ ਚੈਕਿੰਗ ਦਾ ਡਰਾਮਾ ਵੀ ਕੀਤਾ। ਇਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਬਹੁਤੇ ਦੁੱਧ ਧੋਤੇ ਦੱਸਣ ਦੇ ਚੱਕਰਾਂ ਵਿਚ ਵੱਡੇ-ਵੱਡੇ ਦਾਅਵੇ ਕੀਤੇ ਅਤੇ ਇਨ੍ਹਾਂ ਦੇ ਆਗੂਆਂ ਨੇ ਪ੍ਰਚਾਰ ਕੀਤਾ ਕਿ ਪੰਜਾਬ ਵਿਚ ਲੱਖਾਂ ਅਮੀਰ ਲੋਕ ਰਾਸ਼ਨ ਪ੍ਰਾਪਤ ਕਰ ਰਹੇ ਹਨ ਅਤੇ ਅੱਜ ਇਨ੍ਹਾਂ ਦੀ ਖੁਰਾਫਾਤ ਅਤੇ ਕੂੜ ਪ੍ਰਚਾਰ ਦਾ ਨਤੀਜਾ ਹੈ ਕਿ ਸੁਪਰੀਮ ਕੋਰਟ ਤੋਂ ਝਾੜਾਂ ਪੈ ਰਹੀਆਂ ਹਨ ਅਤੇ ਰਾਸ਼ਨ ਕਾਰਡ ਧਾਰਕਾਂ ਦੀ ਖੱਜਣ-ਖੁਆਰੀ ਹੋ ਰਹੀ ਹੈ।  ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਰਾਸ਼ਨ ਕਾਰਡ ਬਣਾਉਣ ਦੇ ਮਾਪਦੰਡ ਅਤੇ ਸ਼ਰਤਾਂ ਪੰਜਾਬ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਹਨ ਅਤੇ ਇਸ ਲਈ ਲਾਭਪਾਤਰੀਆਂ ਨੂੰ ਰਾਸ਼ਨ ਦੇਣ ਲਈ ਯੋਗ ਜਾਂ ਅਯੋਗ ਕਰਾਰ ਦੇਣਾ ਵੀ ਪੰਜਾਬ ਸਰਕਾਰ ਦੇ ਹੀ ਹੱਥ ਵਸ ਹੈ ਅਤੇ ਇਸ ਲਈ ਇਕ ਵੀ ਰਾਸ਼ਨ ਕਾਰਡ ਭਾਰਤ ਸਰਕਾਰ 'ਆਪ' ਪੰਜਾਬ ਵਿਚ ਨਹੀਂ ਕੱਟ ਸਕਦੀ। 

ਇਹ ਵੀ ਪੜ੍ਹੋ: ਰਾਸ਼ਨ ਕਾਰਡ ਦੇ ਮੁੱਦੇ 'ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ

ਭਾਜਪਾ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਈ. ਕੇ. ਵਾਈ. ਸੀ. ਸਮੇਂ 'ਤੇ ਕਰਵਾਉਣ ਵਿਚ ਅਸਮਰਥ ਰਹੀ ਹੈ ਪਰ ਕੇਂਦਰੀ ਭਾਜਪਾ ਸਰਕਾਰ ਉਨ੍ਹਾਂ ਦਾ ਈ. ਕੇ. ਵਾਈ. ਸੀ. ਦਾ ਕੰਮ ਪੂਰਾ ਕਰਨ ਦੀ ਸਮਾਂ ਸੀਮਾ ਦੋ ਵਾਰ ਪਹਿਲਾਂ ਵੀ ਵਧਾ ਚੁੱਕੀ ਹੈ ਪਰ ਹਾਲੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਸਹੀ ਢੰਗ ਨਾਲ ਕੰਮ ਪੂਰਾ ਨਹੀਂ ਹੋਇਆ ਅਤੇ ਆਪਣੀ ਨਾਕਾਮੀ ਦਾ ਠਿਕਰਾ ਭਾਜਪਾ ਕੇਂਦਰੀ ਸਰਕਾਰ 'ਤੇ ਝੂਠੇ ਇਲਜ਼ਾਮ ਲਗਾ ਕੇ ਭੰਨ ਰਹੀ ਹੈ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਲਜ਼ਾਮ ਸੱਚੇ ਹਨ ਤਾਂ ਉਹ ਲਾਭਪਾਤਰੀ ਕੱਟਣ ਦੇ ਕੇਂਦਰ ਸਰਕਾਰ ਦੇ ਹੁਕਮਾਂ ਦੀ ਜੇਕਰ ਕੋਈ ਚਿੱਠੀ ਜਾਂ ਪੱਤਰ ਉਨ੍ਹਾਂ ਤੱਕ ਆਇਆ ਹੈ ਤਾਂ ਉਸ ਨੂੰ ਜਨਤਕ ਕਰਕੇ ਵਿਖਾਵੇ। ਉਨ੍ਹਾਂ ਕਿਹਾ ਕਿ ਬੇਬੁਨਿਆਦ ਅਤੇ ਝੂਠੇ ਇਲਜ਼ਾਮ ਲਗਾ ਕੇ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਭਾਜਪਾ ਇਨ੍ਹਾਂ ਸਾਜਿਸ਼ਾਂ ਦਾ ਪਰਦਾਫ਼ਾਸ਼ ਕਰਦੀ ਰਹੇਗੀ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ 'ਤੇ ਸਤਲੁਜ ਦਰਿਆ, ਪੁਲ ਤੱਕ ਪਹੁੰਚਿਆ ਪਾਣੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News