ਮਹਾਰਾਸ਼ਟਰ : ਕੁੜੀਆਂ ਦੇ ਕਾਲਜ ''ਚ ਮੋਬਾਇਲ ਫੋਨ ਦੀ ਵਰਤੋਂ ''ਤੇ ਲੱਗੀ ਪਾਬੰਦੀ

Saturday, Feb 01, 2020 - 12:37 PM (IST)

ਮਹਾਰਾਸ਼ਟਰ : ਕੁੜੀਆਂ ਦੇ ਕਾਲਜ ''ਚ ਮੋਬਾਇਲ ਫੋਨ ਦੀ ਵਰਤੋਂ ''ਤੇ ਲੱਗੀ ਪਾਬੰਦੀ

ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਕੁੜੀਆਂ ਦੇ ਇਕ ਕਾਲਜ ਨੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦੇ ਮਕਸਦ ਨਾਲ ਮੋਬਾਇਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ। ਕਾਲਜ ਵਲੋਂ ਇਹ ਕਦਮ ਅਜਿਹੇ ਦੌਰ 'ਚ ਚੁੱਕਿਆ ਗਿਆ ਹੈ, ਜਦੋਂ ਮੋਬਾਇਲ ਫੋਨ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਨੌਜਵਾਨ ਸੋਸ਼ਲ ਮੀਡੀਆ ਨਾਲ ਚਿਪਕੇ ਰਹਿੰਦੇ ਹਨ। ਡਾ. ਰਫੀਕ ਜ਼ਕਾਰੀਆ ਵਿਮੈਨਜ਼ ਕਾਲਜ ਦੇ ਪ੍ਰੋਫੈਸਰ ਡਾ. ਮਕਦੂਮ ਫਾਰੂਕੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਿੱਖਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਉਪਾਅ ਤਲਾਸ਼ ਰਹੇ ਸੀ ਅਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਜੇਕਰ ਵਿਦਿਆਰਥਣਾਂ ਨੂੰ ਜਮਾਤਾਂ 'ਚ ਮੋਬਾਇਲ ਫੋਨ ਲਿਆਉਣ ਦੀ ਆਗਿਆ ਨਾ ਦਿੱਤੀ ਜਾਵੇ ਤਾਂ ਉਹ ਪੜ੍ਹਾਈ ਵੱਲ ਬਿਹਤਰ ਤਰੀਕੇ ਨਾਲ ਧਿਆਨ ਕੇਂਦਰਿਤ ਕਰ ਸਕਦੀਆਂ ਹਨ। ਇਸ ਕਾਲਜ 'ਚ 3000 ਤੋਂ ਵਧ ਵਿਦਿਆਰਥਣਾਂ ਹਨ ਅਤੇ ਇਨ੍ਹਾਂ 'ਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਸਿਲੇਬਸਾਂ ਦੀ ਪੜ੍ਹਾਈ ਹੁੰਦੀ ਹੈ। 

ਡਾ. ਫਾਰੂਕੀ ਨੇ ਦੱਸਿਆ ਕਿ 15 ਦਿਨ ਪਹਿਲਾਂ ਲਾਈ ਗਈ ਪਾਬੰਦੀ ਨਾਲ ਵਿਦਿਆਰਥਣਾਂ ਨੂੰ ਨਾ ਸਿਰਫ ਜਮਾਤਾਂ 'ਚ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲੇਗੀ, ਸਗੋਂ ਕਿ ਉਨ੍ਹਾਂ ਦਾ ਆਪਣੇ ਸਾਥੀ ਵਿਦਿਆਰਥਣਾਂ ਨਾਲ ਪੜ੍ਹਾਈ ਨੂੰ ਲੈ ਕੇ ਗੱਲਬਾਤ ਵੀ ਬਿਹਤਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਦੂਰ-ਦੁਰਾਡੇ ਦੇ ਸਥਾਨਾਂ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਵਿਚ ਐਂਟਰੀ ਮਗਰੋਂ ਆਪਣਾ ਫੋਨ ਜਮਾਂ ਕਰਾਉਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਘਰ ਜਾਂਦੇ ਸਮੇਂ ਫੋਨ ਦਿੱਤਾ ਜਾਂਦਾ ਹੈ। ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਟੀ. ਏ. ਪੈਠਣਕਰ ਨੇ ਕਿਹਾ ਕਿ ਸ਼ੁਰੂਆਤ ਵਿਚ ਸਾਨੂੰ ਵੀ ਇਹ ਫੈਸਲਾ ਪਾਬੰਦੀਸ਼ੁਦਾ ਲੱਗਿਆ ਪਰ ਹੁਣ ਵਿਦਿਆਰਥਣਾਂ ਆਪਣੀ ਪੜ੍ਹਾਈ 'ਤੇ ਧਿਆਨ ਲਾ ਰਹੀਆਂ ਹਨ ਅਤੇ ਮੈਨੂੰ ਭਰੋਸਾ ਹੈ ਕਿ ਇਹ ਉਨ੍ਹਾਂ ਦੇ ਪ੍ਰੀਖਿਆ ਨਤੀਜਿਆਂ 'ਚ ਵੀ ਨਜ਼ਰ ਆਵੇਗਾ। ਇਕ ਵਿਦਿਆਰਥਣ ਨੇ ਕਾਲਜ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਅਤੇ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਜਾਣ ਰਹੇ ਹਾਂ, ਹੁਣ ਸਾਡੇ ਕੋਲ ਲਾਇਬ੍ਰੇਰੀ 'ਚ ਅਖਬਾਰਾਂ ਅਤੇ ਮੈਗਜ਼ੀਨ ਪੜ੍ਹਨ ਦਾ ਵਧ ਸਮਾਂ ਰਹਿੰਦਾ ਹੈ। 


author

Tanu

Content Editor

Related News