ਡਿਊਟੀ ਦੌਰਾਨ ਮਹਿਲਾ ਪੁਲਸ ਕਰਮੀ ਫਿਸਲੀ, CM ਸ਼ਿੰਦੇ ਨੇ ਪਿਲਾਇਆ ਪਾਣੀ
Thursday, Jul 07, 2022 - 01:51 PM (IST)
ਠਾਣੇ– ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਠਾਣੇ ਜ਼ਿਲ੍ਹਾ ਕੁਲੈਕਟਰ ਦਫ਼ਤਰ 'ਚ ਡਿਊਟੀ ਦੌਰਾਨ ਫਿਸਲਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਦੀ ਮਦਦ ਲਈ ਤੁਰੰਤ ਦੌੜੇ। ਦਰਅਸਲ ਮੁੱਖ ਮੰਤਰੀ ਆਫ਼ਤ ਪ੍ਰਬੰਧਨ ਅਤੇ ਆਉਣ ਵਾਲੀ ਪੰਢਰਪੁਰ 'ਵਾਰੀ' ਤੀਰਥ ਯਾਤਰਾ 'ਤੇ ਮੀਟਿੰਗ ਕਰਨ ਤੋਂ ਬਾਅਦ ਕਲੈਕਟੋਰੇਟ ਰੂਮ ਤੋਂ ਬਾਹਰ ਆ ਰਹੇ ਸਨ, ਜਦੋਂ ਇਕ ਮਹਿਲਾ ਪੁਲਸ ਕਰਮਚਾਰੀ ਫਿਸਲ ਕੇ ਡਿੱਗ ਗਈ, ਜਿਸ ਨਾਲ ਉਸ ਦੀ ਉਂਗਲੀ 'ਤੇ ਸੱਟ ਲੱਗ ਗਈ। ਸ਼ਿੰਦੇ ਤੁਰੰਤ ਉਨ੍ਹਾਂ ਦੀ ਮਦਦ ਲਈ ਦੌੜੇ। ਉਨ੍ਹਾਂ ਨੇ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ ਅਤੇ ਮਹਿਲਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾ ਵਰਕਰ ਨੂੰ ਇਲਾਜ ਲਈ ਵੱਡੇ ਹਸਪਤਾਲ ਲਿਜਾਇਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਹਸਪਤਾਲ ਵਿਚ ਡਾਕਟਰ ਨੂੰ ਬੁਲਾ ਕੇ ਮਹਿਲਾ ਵਰਕਰ ਦਾ ਇਲਾਜ ਕਰਨ ਲਈ ਕਹਿਣਗੇ। ਉਨ੍ਹਾਂ ਇਕ ਪੁਲਸ ਅਧਿਕਾਰੀ ਨੂੰ ਵੀ ਮਹਿਲਾ ਕਰਮੀ ਦੇ ਨਾਲ ਹਸਪਤਾਲ ਜਾਣ ਲਈ ਕਿਹਾ। ਸ਼ਿੰਦੇ ਨੇ ਦੱਸਿਆ ਕਿ ਉਨ੍ਹਾਂ ਨੇ 13 ਵਾਰਕਾਰੀਆਂ (ਭਗਵਾਨ ਵਿੱਠਲ ਦੇ ਭਗਤ) ਦੇ ਇਲਾਜ ਲਈ ਸਬੰਧਤ ਮੈਡੀਕਲ ਅਫਸਰ ਨਾਲ ਵੀ ਗੱਲ ਕੀਤੀ ਹੈ। ਇਹ ਵਾਰਕਾਰੀ ਮੰਗਲਵਾਰ ਨੂੰ ਸਾਂਗਲੀ ਜ਼ਿਲ੍ਹੇ ਦੇ ਮਿਰਾਜ ਵਿਖੇ ਸੋਲਾਪੁਰ ਜ਼ਿਲ੍ਹੇ ਦੇ ਪੰਢਰਪੁਰ ਵੱਲ ਜਾਂਦੇ ਸਮੇਂ ਜ਼ਖਮੀ ਹੋ ਗਏ ਸਨ। ਵਾਰਕਾਰੀਆਂ ਨੂੰ ਜੀਪ ਨੇ ਟੱਕਰ ਮਾਰ ਦਿੱਤੀ। ਇਹ ਸਾਰੇ 10 ਜੁਲਾਈ ਨੂੰ ਹੋਣ ਵਾਲੀ ਅਸ਼ਟਦੀ ਇਕਾਦਸ਼ੀ ਮਨਾਉਣ ਲਈ ਪੰਢਰਪੁਰ ਜਾ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਲਾਜ ਲਈ ਫੰਡ ਦੀ ਕੋਈ ਕਮੀ ਨਹੀਂ ਹੈ।