ਮਹਾਰਾਸ਼ਟਰ ਪੁਰਸਕਾਰ ਸਮਾਰੋਹ: ਲੂ ਲੱਗਣ ਮਗਰੋਂ 12 ਲੋਕਾਂ ਦੀ ਮੌਤ, 20 ਹਸਪਤਾਲ 'ਚ ਦਾਖ਼ਲ
Monday, Apr 17, 2023 - 04:14 PM (IST)
 
            
            ਠਾਣੇ- ਨਵੀ ਮੁੰਬਈ ਵਿਚ ਆਯੋਜਿਤ 'ਮਹਾਰਾਸ਼ਟਰ ਭੂਸ਼ਣ' ਸਮਾਰੋਹ ਦੌਰਾਨ ਲੂ ਲੱਗਣ ਕਾਰਨ ਬੀਮਾਰ ਪਏ ਲੋਕਾਂ ਵਿਚੋਂ 20 ਲੋਕ ਹਸਪਤਾਲ 'ਚ ਦਾਖ਼ਲ ਹਨ। ਜਦਕਿ 12 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਖਾਰਘਰ ਖੇਤਰ 'ਚ 306 ਏਕੜ ਜ਼ਮੀਨ 'ਤੇ ਐਤਵਾਰ ਨੂੰ ਆਯੋਜਿਤ ਪ੍ਰੋਗਰਾਮ 'ਚ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ ਸਨ। ਓਧਰ ਰਾਏਗੜ੍ਹ ਜ਼ਿਲ੍ਹਾ ਸੂਚਨਾ ਅਧਿਕਾਰੀ ਮੁਤਾਬਕ ਖਾਰਘਰ ਦੇ ਆਲੇ-ਦੁਆਲੇ 5 ਹਸਪਤਾਲਾਂ 'ਚ 44 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਵਿਚੋਂ 20 ਦਾ ਹੁਣ ਵੀ ਇਲਾਜ ਚੱਲ ਰਿਹਾ ਹੈ ਅਤੇ ਹੋਰਨਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- LPG ਸਿਲੰਡਰ ਫਟਣ ਕਾਰਨ ਇਮਾਰਤ ਹੋਈ ਢਹਿ-ਢੇਰੀ, 8 ਲੋਕ ਜ਼ਖ਼ਮੀ

ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ 'ਚ 8 ਔਰਤਾਂ ਵੀ ਸ਼ਾਮਲ ਹਨ। ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਅਜੀਤ ਪਵਾਰ ਨੇ ਦਾਅਵਾ ਕੀਤਾ ਕਿ ਇਹ ਮਹਾਰਾਸ਼ਟਰ ਸਰਕਾਰ ਦਾ ਪ੍ਰੋਗਰਾਮ ਸੀ। ਸਾਰਿਆਂ ਨੂੰ ਪਤਾ ਸੀ ਕਿ ਅਪ੍ਰੈਲ ਅਤੇ ਮਈ 'ਚ ਤਾਪਮਾਨ ਵਧ ਰਹਿੰਦਾ ਹੈ। ਇਨ੍ਹੀਂ ਦਿਨੀਂ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਅਜੀਤ ਪਵਾਰ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕਰਨ ਦੀ ਲੋੜ ਹੈ ਕਿ ਪ੍ਰੋਗਰਾਮ ਦਾ ਆਯੋਜਨ ਦਿਨ 'ਚ ਕਰਨ ਦਾ ਫ਼ੈਸਲਾ ਕਿਸ ਦਾ ਸੀ।
ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ

ਪਵਾਰ ਨੇ ਅੱਗੇ ਕਿਹਾ ਕਿ ਪ੍ਰੋਗਰਾਮ ਸ਼ਾਮ ਦੇ ਸਮੇਂ ਵੀ ਕੀਤਾ ਜਾ ਸਕਦਾ ਸੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਹੈਲੀਕਾਪਟਰ ਜ਼ਰੀਏ ਵੀ ਪ੍ਰੋਗਰਾਮ ਵਾਲੀ ਥਾਂ ਤੱਕ ਪਹੁੰਚ ਸਕਦੇ ਸਨ। ਦਰਅਸਲ ਸ਼ਾਹ ਨੇ ਐਤਵਾਰ ਨੂੰ ਪ੍ਰੋਗਰਾਮ 'ਚ ਅਧਿਆਤਮਕ ਨੇਤਾ ਅਤੇ ਸਮਾਜ ਸੁਧਾਰਕ ਅੱਪਾਸਾਹਿਬ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਖਾਰਘਰ 'ਚ 306 ਏਕੜ ਦੇ ਵਿਸ਼ਾਲ ਮੈਦਾਨ 'ਚ ਕੱਲ ਧਰਮਾਧਿਕਾਰੀ ਦੇ ਲੱਖਾਂ ਸਮਰਥਕ ਇਸ ਪ੍ਰੋਗਰਾਮ ਵਿਚ ਪੁੱਜੇ ਸਨ। ਅਮਿਤ ਸ਼ਾਹ ਨੇ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਲਈ ਲੋਕ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ ਅਤੇ ਇਹ ਪ੍ਰੋਗਰਾਮ ਕਰੀਬ ਸਾਢੇ 11 ਵਜੇ ਸ਼ੁਰੂ ਹੋਇਆ ਅਤੇ 1 ਵਜੇ ਤੱਕ ਚੱਲਿਆ।
ਇਹ ਵੀ ਪੜ੍ਹੋ- ਖ਼ੌਫਨਾਕ! ਪਤੀ-ਪਤਨੀ ਨੇ ਖ਼ੁਦ ਦਿੱਤੀ ਆਪਣੀ ਬਲੀ, ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            