ਕਰਜ਼ੇ ਦੇ ਮਾਮਲੇ ’ਚ ਮਹਾਰਾਸ਼ਟਰ ਦੀ ਸਥਿਤੀ ਸਭ ਤੋਂ ਖਰਾਬ, ਪੰਜਾਬ-ਹਰਿਆਣਾ ਬਿਹਤਰ
Wednesday, Apr 13, 2022 - 10:29 AM (IST)
ਨੈਸ਼ਨਲ ਡੈਸਕ- ਜੇਕਰ ਤੁਹਾਨੂੰ ਲੱਗਦਾ ਹੈ ਕਿ ਸਿਰਫ ਕੇਂਦਰ ਹੀ ਵੱਡੇ ਪੈਮਾਨੇ ’ਤੇ ਕਰਜ਼ਾ ਲੈ ਰਿਹਾ ਹੈ, ਤਾਂ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਲਗਭਗ ਸਾਰੇ 31 ਸੂਬੇ ਬਾਜ਼ਾਰ ਅਤੇ ਹੋਰ ਸਰੋਤਾਂ ਤੋਂ ਕਰਜ਼ੇ ਦਾ ਸਹਾਰਾ ਲੈ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸਾਲ ਦਰ ਸਾਲ 31 ਸੂਬਿਆਂ ’ਚ ਮਹਾਰਾਸ਼ਟਰ ਕਰਜ਼ਾ ਲੈਣ ਅਤੇ ਕਰਜ਼ੇ ਦੀ ਅਰਥਵਿਵਸਥਾ ’ਤੇ ਜ਼ਿੰਦਾ ਰਹਿਣ ਦੀ ਪੌੜੀ ’ਚ ਸਭ ਤੋਂ ਉੱਤੇ ਹੈ। ਮਹਾਰਾਸ਼ਟਰ ਵੱਲੋਂ ਬਾਜ਼ਾਰ, ਬੈਂਕਾਂ, ਵਿੱਤੀ ਸੰਸਥਾਨਾਂ ਅਤੇ ਕੇਂਦਰ ਤੋਂ ਐਡਵਾਂਸ ਕ੍ਰੈਡਿਟ ’ਚ 4 ਸਾਲਾਂ ਦੀ ਮਿਆਦ ਦੇ ਅੰਦਰ 470 ਫ਼ੀਸਦੀ ਦਾ ਵਾਧਾ ਹੋਇਆ।
2018-19 ’ਚ ਸਾਰੇ ਉਪਲੱਬਧ ਸਰੋਤਾਂ ਤੋਂ ਮਹਾਰਾਸ਼ਟਰ ਦਾ ਕਰਜ਼ਾ ਸਿਰਫ 26,026 ਕਰੋੜ ਰੁਪਏ ਸੀ, ਤਾਂ ਇਹ ਕਰਜ਼ਾ 2019-20 ’ਚ ਦੁੱਗਣੇ ਤੋਂ ਵਧ ਕੇ 57,156 ਕਰੋੜ ਰੁਪਏ ਅਤੇ ਅਗਲੇ ਸਾਲ ਫਿਰ ਲਗਭਗ ਦੁੱਗਣਾ ਹੋ ਕੇ 1,09,529 ਕਰੋੜ ਰੁਪਏ ਅਤੇ 2021-22 ਦੌਰਾਨ 1,22,516 ਕਰੋੜ ਰੁਪਏ ਹੋ ਗਿਆ। 1.22 ਲੱਖ ਕਰੋੜ ਰੁਪਏ ’ਚੋਂ ਲਗਭਗ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਬਾਜ਼ਾਰ ਤੋਂ ਅਤੇ ਬਾਕੀ ਹੋਰ ਸਰੋਤਾਂ ਤੋਂ ਲਿਆ ਗਿਆ ਸੀ।
ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਚਾਰ ਸਾਲਾਂ ਦੌਰਾਨ ਕਰਜ਼ਾ ਲੈਣ ’ਚ ਉਸ ਦਾ ਰਿਕਾਰਡ ਬਿਹਤਰ ਹੈ, ਕਿਉਂਕਿ ਇਹ 2021-22 ਦੌਰਾਨ 23,643 ਕਰੋੜ ਰੁਪਏ ਤੋਂ ਵਧ ਕੇ 37336 ਕਰੋੜ ਰੁਪਏ ਤੱਕ ਹੀ ਪੁੱਜਾ। ਹਰਿਆਣਾ ਦਾ ਰਿਕਾਰਡ ਵੀ ਹੋਰ ਸੂਬਿਆਂ ਤੋਂ ਬਿਹਤਰ ਹੈ ਪਰ ਗੁਜਰਾਤ ਸਭ ਤੋਂ ਵਧੀਆ ਰਿਹਾ, ਜਿਸ ਨੇ ਕਰਜ਼ੇ ਦੀ ਰਾਸ਼ੀ ’ਚ ਕਮੀ ਵਿਖਾਈ, ਕਿਉਂਕਿ ਉਸ ਨੇ 2020-21 ’ਚ 60,787 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ 2021-22 ਦੌਰਾਨ ਇਸ ਨੂੰ ਘਟਾ ਕੇ 50500 ਕਰੋੜ ਰੁਪਏ ਕਰ ਦਿੱਤਾ। ਇੱਥੋਂ ਤੱਕ ਕਿ ਪੱਛਮੀ ਬੰਗਾਲ ਨੇ ਵੀ ਪਿਛਲੇ ਚਾਰ ਸਾਲਾਂ ਦੌਰਾਨ ਆਪਣਾ ਕਰਜ਼ਾ ਪ੍ਰਬੰਧਨ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਹੈ। 2018-19 ਦੌਰਾਨ ਸਾਰੇ 31 ਸੂਬਿਆਂ ਨੇ 5.62 ਲੱਖ ਕਰੋੜ ਦਾ ਕਰਜ਼ਾ ਲਿਆ, ਜੋ 4 ਸਾਲਾਂ ’ਚ ਲਗਭਗ ਦੁੱਗਣਾ ਵਧ ਕੇ 10.60 ਲੱਖ ਕਰੋੜ ਹੋ ਗਿਆ ਪਰ ਮਹਾਰਾਸ਼ਟਰ ਦਾ ਕਰਜ਼ਾ 470 ਫ਼ੀਸਦੀ ਵਧਿਆ, ਜੋ ਇਕ ਰਿਕਾਰਡ ਹੈ।
ਸੂਬਿਆਂ ਦਾ ਕਰਜ਼ਾ ਕਰੋੜ ’ਚ
ਸੂਬਾ | 2018-19 | 2019-20 | 2020-21 | 2021-22 |
ਮਹਾਰਾਸ਼ਟਰ | 26026 | 57156 | 109529 | 122516 |
ਪ . ਬੰਗਾਲ | 45193 | 59839 | 67359 | 85673 |
ਯੂ. ਪੀ. | 51595 | 73779 | 79898 | 75509 |
ਹਰਿਆਣਾ | 33760 | 43170 | 43165 | 63258 |
ਮੱਧ ਪ੍ਰਦੇਸ਼ | 29122 | 34364 | 64411 | 57399 |
ਗੁਜਰਾਤ | 43147 | 43492 | 60787 | 50500 |
ਪੰਜਾਬ | 23643 | 27819 | 42554 | 37336 |
ਕੁੱਲ | 562749 | 738792 | 1033816 | 1060728 |