ਸਕੂਟਰ ਦੀ ਡਿੱਕੀ ''ਚ ਲੁਕਾਏ ਸੀ ਡੇਢ ਕਰੋੜ ਰੁਪਏ, ਪੁਲਸ ਨੇ ਕੀਤੇ ਜ਼ਬਤ

Thursday, Nov 14, 2024 - 10:25 AM (IST)

ਸਕੂਟਰ ਦੀ ਡਿੱਕੀ ''ਚ ਲੁਕਾਏ ਸੀ ਡੇਢ ਕਰੋੜ ਰੁਪਏ, ਪੁਲਸ ਨੇ ਕੀਤੇ ਜ਼ਬਤ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਪੁਲਸ ਨੇ ਇਕ ਸਕੂਟਰ ਸਵਾਰ ਕੋਲੋਂ ਡੇਢ ਕਰੋੜ ਰੁਪਏ ਜ਼ਬਤ ਕੀਤੇ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਪੈਸਿਆਂ ਨਾਲ ਚੋਣਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਖ਼ਦਸ਼ਾ ਹੈ।

ਤਹਿਸੀਲ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਸ਼ੋਧਰਾ ਨਗਰ ਦੇ ਰਹਿਣ ਵਾਲੇ ਵਿਅਕਤੀ ਨੂੰ ਬੁੱਧਵਾਰ ਰਾਤ ਨੂੰ ਸੈਂਟਰਲ ਐਵੇਨਿਊ ਇਲਾਕੇ ਵਿਚ ਇਕ ਰੁਟੀਨ ਚੈਕਿੰਗ ਦੌਰਾਨ ਰੋਕਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨੂੰ ਸਕੂਟਰ ਦੀ ਡਿੱਕੀ 'ਚ ਲੁਕਾਏ 1.35 ਕਰੋੜ ਰੁਪਏ ਅਤੇ ਸ਼ਖ਼ਸ ਕੋਲੋਂ ਮੌਜੂਦ ਬੈਗ ਵਿਚ 15 ਲੱਖ ਰੁਪਏ ਮਿਲੇ ਹਨ। ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਵਿਅਕਤੀ ਦੇ ਅਸਪਸ਼ਟ ਜਵਾਬਾਂ ਨੇ ਸ਼ੱਕ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਰਕਮ ਕਿਸੇ ਗੈਰ-ਕਾਨੂੰਨੀ ਗਤੀਵਿਧੀ ਜਾਂ ਮਨੀ ਲਾਂਡਰਿੰਗ ਨਾਲ ਜੁੜੀ ਤਾਂ ਨਹੀਂ ਹੈ।


author

Tanu

Content Editor

Related News