ਮਹਾਰਾਸ਼ਟਰ : ਗੜ੍ਹਚਿਰੌਲੀ ਜ਼ਿਲ੍ਹੇ ਤੋਂ 2 ਲੱਖ ਰੁਪਏ ਦਾ ਇਨਾਮੀ ਨਕਸਲੀ ਗ੍ਰਿਫ਼ਤਾਰ
Tuesday, Oct 19, 2021 - 05:27 PM (IST)
ਮੁੰਬਈ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਜੰਗਲਾਤ ਖੇਤਰ ਤੋਂ ਮੰਗਲਵਾਰ ਨੂੰ ਇਕ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਸਿਰ ’ਤੇ 2 ਲੱਖ ਰੁਪਏ ਦਾ ਇਨਾਮ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਦੀ ਪਛਾਣ ਮਗਰੂ ਕਟਾਕੂ ਮਡਵੀ ਦੇ ਰੂਪ ’ਚ ਹੋਈ। ਉਹ ਪਰਮਿਲੀ ਐੱਲ.ਓ.ਐੱਸ. ਸਮੂਹ ਦੀ ਐਕਸ਼ਨ ਟੀਮ ਦਾ ਮੈਂਬਰ ਹੈ ਅਤੇ ਦੰਡਕਾਰਨਯ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ (ਡੀ.ਏ.ਕੇ.ਐੱਮ.ਐੱਸ.) ਦਾ ਸੀਨੀਅਰ ਮੈਂਬਰ ਹੈ।
ਉਨ੍ਹਾਂ ਦੱਸਿਆ ਕਿ ਮਡਵੀ ਨੂੰ ਗੜ੍ਹਚਿਰੌਲੀ ਪੁਲਸ ਵਲੋਂ ਮੰਗਲਵਾਰ ਤੜਕੇ ਅਹੇਰੀ ਸਬ ਡਿਵੀਜ਼ਨ ਦੇ ਪਰਮਿਲੀ ਜੰਗਲਾਤ ਖੇਤਰ ’ਚ ਚਲਾਈ ਗਈ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮਡਵੀ ਨਿਰਦੋਸ਼ ਲੋਕਾਂ ਦਾ ਕਤਲ ਕਰਨ ਅਤੇ ਇਲਾਕੇ ’ਚ ਪੁਲਸ ਚੌਕੀ ’ਤੇ ਹਮਲੇ ’ਚ ਸ਼ਾਮਲ ਰਿਹਾ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਗੜ੍ਹਚਿਰੌਲੀ ਜ਼ਿਲ੍ਹੇ ਦੇ ਬਰਗੀ ’ਚ ਏ.ਓ.ਪੀ. (ਹਥਿਆਰਬੰਦ ਪੁਲਸ ਚੌਕੀ) ’ਤੇ ਹਮਲੇ ਅਤੇ ਉੱਪ ਸਰਪੰਚ ਰਾਮਾ ਤਲੰਦੀ ਦੇ ਕਤਲ ’ਚ ਸਰਗਰਮ ਰੂਪ ਨਾਲ ਸ਼ਾਮਲ ਸੀ। ਉਸ ਵਿਰੁੱਧ ਕਈ ਪੁਲਸ ਥਾਣਿਆਂ ’ਚ ਕਤਲ ਦੇ ਤਿੰਨ ਮਾਮਲੇ ਅਤੇ ਇਕ ਮੁਕਾਬਲੇ ’ਚ ਸ਼ਾਮਲ ਹੋਣ ਦਾ ਮਾਮਲਾ ਦਰਜ ਹੈ।