Fact Check : ਮਹਾਕੁੰਭ ਪੋਸਟਰ 'ਤੇ ਪਿਸ਼ਾਬ ਕਰਨ 'ਤੇ ਕੁੱਟਿਆ ਗਿਆ ਵਿਅਕਤੀ ਮੁਸਲਿਮ ਨਹੀਂ

Sunday, Jan 19, 2025 - 01:16 PM (IST)

Fact Check : ਮਹਾਕੁੰਭ ਪੋਸਟਰ 'ਤੇ ਪਿਸ਼ਾਬ ਕਰਨ 'ਤੇ ਕੁੱਟਿਆ ਗਿਆ ਵਿਅਕਤੀ ਮੁਸਲਿਮ ਨਹੀਂ

Fact Check By LogicallyFacts

ਫੈਸਲਾ (ਝੂਠ)
ਲਾਜ਼ਿਕਲੀ ਫੈਕਟਸ ਨਾਲ ਗੱਲ ਕਰਦੇ ਹੋਏ ਬਛਰਾਵਾਂ ਪੁਲਸ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਦੀ ਪਛਾਣ ਵਿਨੋਦ ਦੇ ਰੂਪ 'ਚ ਹੋਈ ਹੈ ਅਤੇ ਇਸ ਘਟਨਾ 'ਚ ਕੋਈ ਫਿਰਕੂ ਐਂਗਲ ਨਹੀਂ ਹੈ। 


ਰਾਏਬਰੇਲੀ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕੁਝ ਲੋਕ ਇਕ ਵਿਅਕਤੀ ਨੂੰ ਗਾਲ੍ਹਾਂ ਕੱਢਦੇ ਅਤੇ ਉਸ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕ ਮੁਸਲਿਮ ਨੌਜਵਾਨ ਨੂੰ ਮਹਾਕੁੰਭ ਦੇ ਬੈਨਰ 'ਤੇ ਪਿਸ਼ਾਬ ਕਰਦੇ ਹੋਏ ਫੜਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਮਹਾਕੁੰਭ ਹਿੰਦੂ ਧਰਮ ਦਾ ਇਕ ਤੀਰਥ ਸਮਾਰੋਹ ਹੈ, ਜੋ ਕਈ ਸਾਲਾਂ ਦੇ ਅੰਤਰਾਲ 'ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਇਹ ਆਯੋਜਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ 12 ਸਾਲ ਬਾਅਦ ਹੋ ਰਿਹਾ ਹੈ।

ਐਕਸ 'ਤੇ ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਰਾਏਬਰੇਲੀ, ਯੂਪੀ : ਅਬਦੁੱਲ ਨੇ ਕੰਧ 'ਤੇ ਮਹਾਕੁੰਭ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ 'ਤੇ ਪਿਸ਼ਾਬ ਕੀਤਾ, ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ।'' ਅਜਿਹੀ ਪੋਸਟ ਦੇ ਆਰਕਾਈਵਡ ਵਰਜਨ ਇੱਥੇ, ਇੱਥੇ, ਇੱਥੇ, ਇੱਥੇ, ਇੱਥੇ ਅਤੇ ਇੱਥੇ ਦੇਖੇ ਜਾ ਸਕਦੇ ਹਨ। (ਨੋਟ : ਵੀਡੀਓ 'ਚ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ)

PunjabKesari

ਹਾਲਾਂਕਿ ਵਾਇਰਲ ਦਾਅਵਾ ਗਲਤ ਹੈ। ਇਹ ਵੀਡੀਓ ਰਾਏਬਰੇਲੀ ਦੇ ਬਛਰਾਵਾਂ ਕਸਬੇ ਦਾ ਹੈ, ਜਿੱਥੇ ਵਿਨੋਦ ਨਾਂ ਦੇ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਚ ਟੱਲੀ ਹੋ ਕੇ ਇਕ ਕੰਧ 'ਤੇ ਪਿਸ਼ਾਬ ਕਰ ਦਿੱਤਾ, ਜਿਸ 'ਤੇ ਮਹਾਕੁੰਭ ਦਾ ਪੋਸਟਰ ਲਗਾ ਹੋਇਆ ਸੀ। ਇਹ ਘਟਨਾ 10 ਜਨਵਰੀ ਨੂੰ ਹੋਈ ਸੀ।

ਸੱਚਾਈ ਕਿਵੇਂ ਪਤਾ ਲੱਗੀ?

ਸਾਨੂੰ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਨਾਲ ਇਕ ਨਿਊਜ਼ ਰਿਪੋਰਟ ਮਿਲੀ, ਜਿਸ 'ਚ ਦੱਸਿਆ ਗਿਆ ਕਿ ਜਨਵਰੀ 10, 2025 ਨੂੰ ਰਾਏਬਰੇਲੀ ਦੇ ਬਛਰਾਵਾਂ ਕਸਬੇ 'ਚ ਮਹਾਕੁੰਭ ਦੇ ਪੋਸਟਰ 'ਤੇ ਪਿਸ਼ਾਬ ਕਰਨ ਦੇ ਦੋਸ਼ 'ਚ ਇਕ ਨੌਜਵਾਨ ਨੂੰ ਭੀੜ ਨੇ ਬੇਰਹਿਮੀ ਨਾਲ ਕੁੱਟ ਦਿੱਤਾ। ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਬਛਰਾਵਾਂ ਥਾਣੇ ਦੇ ਇੰਚਾਰਜ ਓਮ ਪ੍ਰਕਾਸ਼ ਤਿਵਾਰੀ ਨਾਲ ਸੰਪਰਕ ਕੀਤਾ।

ਲਾਜ਼ਿਕਲੀ ਫੈਕਟਸ ਨਾਲ ਗੱਲ ਕਰਦੇ ਹੋਏ ਓਣ ਪ੍ਰਕਾਸ਼ ਤਿਵਾੜੀ ਨੇ ਸਪੱਸ਼ਟ ਕੀਤਾ ਕਿ ਸੰਬੰਧਤ ਵਿਅਕਤੀ ਹਿੰਦੂ ਭਾਈਚਾਰੇ ਤੋਂ ਹੈ ਅਤੇ ਉਸ ਦਾ ਨਾਂ ਵਿਨੋਦ ਹੈ। ਉਨ੍ਹਾਂ ਕਿਹਾ,''ਇਸ ਮਾਮਲੇ 'ਚ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਚੌਕਸੀ ਵਜੋਂ ਕਾਰਵਾਈ ਕਰਦੇ ਹੋਏ ਉਸ ਨੂੰ ਮੈਜਿਸਟ੍ਰੇਟ ਕੋਲ ਭੇਜਿਆ ਗਿਆ ਹੈ। ਉਸ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਜੁਰਮਾਨਾ ਲਗਾਇਆ ਗਿਆ ਪਰ ਉਸ ਨੇ ਇਕ ਬਾਂਡ 'ਤੇ ਦਸਤਖ਼ਤ ਕੀਤੇ, ਜਿਸ 'ਚ ਉਸ ਨੇ ਮੁੜ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਹੈ। ਇਸ ਘਟਨਾ 'ਚ ਕੋਈ ਫਿਰਕੂ ਪਹਿਲੂ ਨਹੀਂ ਹੈ। 

ਰਾਏਬਰੇਲੀ ਪੁਲਸ ਨੇ ਐਕਸ 'ਤੇ ਇਕ ਪੋਸਟ ਦਾ ਜਵਾਬ ਦਿੰਦੇ ਹੋਏ ਇਕ ਬਿਆਨ ਪੋਸਟ ਕੀਤਾ ਅਤੇ ਸਪੱਸ਼ਟ ਕੀਤਾ ਕਿ ਵਾਇਰਲ ਕਲਿੱਪ 'ਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਸੀ। ਬਿਆਨ (ਆਰਕਾਈਵ ਇੱਥੇ) 'ਚ ਲਿਖਿਆ ਹੈ,''ਉਹ (ਵਿਨੋਦ) ਜਨਵਰੀ 10 ਨੂੰ ਰਾਤ ਕਰੀਬ 8 ਵਜੇ ਬਛਰਾਵਾਂ 'ਚ ਇਕ ਕੰਧ ਕੋਲ ਨਸ਼ੇ ਦੀ ਹਾਲਤ 'ਚ ਬੈਠਾ ਸੀ। ਸਥਾਨਕ ਲੋਕਾਂ ਨੇ ਉਸ ਨੂੰ ਖਾਣਾ ਵੀ ਖੁਆਇਆ। ਉਸ ਨੇ ਆਪਣੇ ਕੋਲ ਦੀ ਇਕ ਕੰਧ 'ਤੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਅਤੇ ਉਸ ਨੂੰ ਮੁਸਲਿਮ ਦੱਸ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਵਿਨੋਦ ਨੂੰ ਪਛਾਣਨ ਵਾਲੇ ਲੋਕਾਂ ਨੇ ਦਖ਼ਲ ਦਿੱਤਾ ਅਤੇ ਉਸ ਨੂੰ ਮੌਕੇ ਤੋਂ ਦੌੜਨ 'ਚ ਮਦਦ ਕੀਤੀ।''

PunjabKesari

ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਪੁਲਸ ਨੇ ਪਾਇਆ ਕਿ ਵਿਨੋਦ ਨੇ ਅਣਜਾਣੇ 'ਚ ਉਸ ਕੰਧ 'ਤੇ ਪਿਸ਼ਾਬ ਕਰ ਦਿੱਤਾ, ਜਿੱਥੇ ਮਹਾਕੁੰਭ ਦਾ ਪੋਸਟਰ ਲੱਗਾ ਹੋਇਆ ਸੀ।

ਨਤੀਜਾ

ਵੀਡੀਓ 'ਚ ਦਿਖਾਇਆ ਗਿਆ ਵਿਅਕਤੀ ਹਿੰਦੂ ਭਾਈਚਾਰੇ ਦਾ ਵਿਨੋਦ ਹੈ, ਜਿਸ ਨੂੰ ਸਥਾਨਕ ਲੋਕਾਂ ਨੇ ਮੁਸਲਿਮ ਸਮਝ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ 'ਚ ਕੋਈ ਫਿਰਕੂ ਪਹਿਲੂ ਨਹੀਂ ਹੈ ਅਤੇ ਉਸ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਕੰਧ 'ਤੇ ਪਿਸ਼ਾਬ ਕੀਤਾ ਸੀ।

(Disclaimer: ਇਹ ਫੈਕਟ ਮੂਲ ਤੌਰ 'ਤੇ LogicallyFacts ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

DIsha

Content Editor

Related News