'ਮੈਂ ਸੀਤਾ ਨਹੀਂ, ਜੋ ਅਗਨੀ ਪ੍ਰੀਖਿਆ ਦੇਵਾਂ', ਮਹਾਕੁੰਭ ਵਾਲੀ ਹਰਸ਼ਾ ਰਿਛਾਰੀਆ ਨੇ ਛੱਡੀ 'ਧਰਮ ਦੀ ਰਾਹ'
Tuesday, Jan 13, 2026 - 05:08 PM (IST)
ਨੈਸ਼ਨਲ ਡੈਸਕ- ਮਹਾਕੁੰਭ 2025 ਦੌਰਾਨ ਸੁਰਖੀਆਂ 'ਚ ਆਈ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮਾਡਲ ਹਰਸ਼ਾ ਰਿਛਾਰੀਆ ਨੇ ਹੁਣ ਸਨਾਤਨ ਧਰਮ ਦੇ ਪ੍ਰਚਾਰ ਦਾ ਰਾਹ ਛੱਡਣ ਦਾ ਵੱਡਾ ਐਲਾਨ ਕੀਤਾ ਹੈ। ਪ੍ਰਯਾਗਰਾਜ ਦੇ ਮਾਘ ਮੇਲੇ 'ਚ ਪਹੁੰਚੀ ਹਰਸ਼ਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਸ ਦੇ ਚਰਿੱਤਰ 'ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਉਹ ਹੁਣ ਹੋਰ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ।
ਵਿਰੋਧ ਅਤੇ ਚਰਿੱਤਰ 'ਤੇ ਸਵਾਲ
ਹਰਸ਼ਾ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਸ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਭਾਵੁਕ ਹੁੰਦਿਆਂ ਕਿਹਾ, "ਕਿਸੇ ਕੁੜੀ ਦੇ ਚਰਿੱਤਰ 'ਤੇ ਸਵਾਲ ਚੁੱਕਣਾ ਆਸਾਨ ਹੈ, ਪਰ ਮੈਂ ਸੀਤਾ ਨਹੀਂ ਹਾਂ ਜੋ ਅਗਨੀ ਪ੍ਰੀਖਿਆ ਦੇਵਾਂ।''
ਧਰਮ ਦੇ ਨਾਂ 'ਤੇ ਕਮਾਈ ਦੇ ਦੋਸ਼ਾਂ ਦਾ ਖੰਡਨ
ਹਰਸ਼ਾ ਨੇ ਉਨ੍ਹਾਂ ਅਫਵਾਹਾਂ ਨੂੰ ਨਕਾਰ ਦਿੱਤਾ ਕਿ ਉਸ ਨੇ ਧਰਮ ਨੂੰ ਧੰਦਾ ਬਣਾ ਕੇ ਕਰੋੜਾਂ ਰੁਪਏ ਕਮਾਏ ਹਨ। ਉਸ ਨੇ ਦਾਅਵਾ ਕੀਤਾ ਕਿ ਉਹ ਇਸ ਵੇਲੇ ਕਰਜ਼ੇ ਵਿੱਚ ਡੁੱਬੀ ਹੋਈ ਹੈ। ਧਰਮ ਦੇ ਰਾਹ 'ਤੇ ਆਉਣ ਤੋਂ ਪਹਿਲਾਂ ਉਹ ਵਿਦੇਸ਼ਾਂ ਵਿੱਚ ਐਂਕਰਿੰਗ ਦਾ ਕੰਮ ਕਰਦੀ ਸੀ ਅਤੇ ਚੰਗੀ ਕਮਾਈ ਕਰ ਰਹੀ ਸੀ।
ਪੁਰਾਣੇ ਪੇਸ਼ੇ 'ਚ ਵਾਪਸੀ
ਹਰਸ਼ਾ ਨੇ ਐਲਾਨ ਕੀਤਾ ਹੈ ਕਿ ਮੌਨੀ ਮੱਸਿਆ 'ਤੇ ਇਸ਼ਨਾਨ ਕਰਨ ਤੋਂ ਬਾਅਦ ਉਹ ਧਰਮ ਦੇ ਰਾਹ ਨੂੰ ਪੂਰੀ ਤਰ੍ਹਾਂ ਛੱਡ ਦੇਵੇਗੀ ਅਤੇ ਆਪਣੇ ਪੁਰਾਣੇ ਪੇਸ਼ੇ (ਐਂਕਰਿੰਗ/ਮਾਡਲਿੰਗ) 'ਚ ਵਾਪਸ ਚਲੀ ਜਾਵੇਗੀ, ਜਿੱਥੇ ਉਸ ਦੇ ਚਰਿੱਤਰ 'ਤੇ ਕੋਈ ਉਂਗਲ ਨਹੀਂ ਉਠਾਉਂਦਾ ਸੀ।
ਦੂਜੀਆਂ ਕੁੜੀਆਂ ਨੂੰ ਸਲਾਹ
ਉਸ ਨੇ ਹੋਰਨਾਂ ਕੁੜੀਆਂ ਅਤੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਦੇ ਪਿੱਛੇ ਲੱਗਣ ਦੀ ਬਜਾਏ ਆਪਣੇ ਪਰਿਵਾਰ ਨਾਲ ਜੁੜੇ ਰਹਿਣ ਅਤੇ ਆਪਣੇ ਘਰ ਦੇ ਮੰਦਰ 'ਚ ਹੀ ਪੂਜਾ ਕਰਨ।
ਕੌਣ ਹੈ ਹਰਸ਼ਾ ਰਿਛਾਰੀਆ?
ਹਰਸ਼ਾ ਰਿਛਾਰੀਆ ਮੂਲ ਰੂਪ 'ਚ ਝਾਂਸੀ ਦੀ ਰਹਿਣ ਵਾਲੀ ਹੈ ਅਤੇ ਇਸ ਵੇਲੇ ਉੱਤਰਾਖੰਡ 'ਚ ਰਹਿੰਦੀ ਹੈ। ਉਹ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਮਹਾਰਾਜ ਦੀ ਚੇਲੀ ਹੈ। ਮਹਾਕੁੰਭ ਦੌਰਾਨ ਜਦੋਂ ਉਹ ਨਿਰੰਜਨੀ ਅਖਾੜੇ ਦੇ ਰਥ 'ਤੇ ਸਵਾਰ ਹੋਈ ਸੀ, ਤਾਂ ਸੰਤ ਸਮਾਜ ਨੇ ਉਸ ਦੇ ਸਾਧਵੀ ਰੂਪ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਉਹ ਚਰਚਾ ਵਿੱਚ ਆਈ ਸੀ। ਸੋਸ਼ਲ ਮੀਡੀਆ 'ਤੇ ਉਸ ਦੇ 17 ਲੱਖ ਤੋਂ ਵੱਧ ਫਾਲੋਅਰਜ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
