ਹਾਈ ਕੋਰਟ ਦੀ ਚੋਣ ਕਮਿਸ਼ਨ ਨੂੰ ਫਟਕਾਰ, ਕਿਹਾ- ‘ਕੋਰੋਨਾ ਦੀ ਦੂਜੀ ਲਹਿਰ ਲਈ ਤੁਸੀਂ ਜ਼ਿੰਮੇਵਾਰ’

Monday, Apr 26, 2021 - 02:13 PM (IST)

ਹਾਈ ਕੋਰਟ ਦੀ ਚੋਣ ਕਮਿਸ਼ਨ ਨੂੰ ਫਟਕਾਰ, ਕਿਹਾ- ‘ਕੋਰੋਨਾ ਦੀ ਦੂਜੀ ਲਹਿਰ ਲਈ ਤੁਸੀਂ ਜ਼ਿੰਮੇਵਾਰ’

ਕੋਲਕਾਤਾ— ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸੇ ਮਸਲੇ ’ਤੇ ਸੋਮਵਾਰ ਯਾਨੀ ਕਿ ਅੱਜ ਮਦਰਾਸ ਹਾਈ ਕੋਰਟ ’ਚ ਸੁਣਵਾਈ ਹੋਈ। ਹਾਈ ਕੋਰਟ ਨੇ ਕੋਰੋਨਾ ਦੀ ਦੂਜੀ ਲਹਿਰ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਕਿਉਂਕਿ ਚੋਣ ਕਮਿਸ਼ਨ ਨੇ ਕੋਰੋਨਾ ਆਫ਼ਤ ਤੋਂ ਬਾਅਦ ਵੀ ਚੁਣਾਵੀ ਰੈਲੀਆਂ ਨੂੰ ਨਹੀਂ ਰੋਕਿਆ। ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਐੱਸ. ਬੈਨਰਜੀ ਨੇ ਸੁਣਵਾਈ ਦੌਰਾਨ ਕਿਹਾ ਕਿ ਚੋਣ ਕਮਿਸ਼ਨ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹੈ। ਕੋਰਟ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਦੇ ਅਧਿਕਾਰੀਆਂ ’ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ ਤਾਂ ਇਸ ’ਚ ਕੁਝ ਗਲਤ ਨਹੀਂ ਹੋਵੇਗਾ। 

ਕੋਰਟ ਨੇ ਨਾਰਾਜ਼ ਹੁੰਦੇ ਕਿਹਾ ਕਿ ਕੀ ਤੁਸੀਂ ਦੂਜੇ ਗ੍ਰਹਿ ’ਤੇ ਸੀ-
ਮਦਰਾਸ ਹਾਈ ਕੋਰਟ ਨੇ ਸਿਆਸੀ ਰੈਲੀਆਂ ਦੀ ਆਗਿਆ ਦੇਣ ਲਈ ਚੋਣ ਕਮਿਸ਼ਨ ਦੀ ਖਿਚਾਈ ਵੀ ਕੀਤੀ। ਕੋਰਟ ’ਚ ਚੋਣ ਕਮਿਸ਼ਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਵਲੋਂ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ। ਚੋਣਾਂ ਦੌਰਾਨ ਵੀ ਨਿਯਮਾਂ ਦਾ ਪਾਲਣ ਕੀਤਾ ਗਿਆ। ਇਸ ’ਤੇ ਕੋਰਟ ਨੇ ਨਾਰਾਜ਼ ਹੁੰਦੇ ਹੋਏ ਪੁੱਛਿਆ ਕਿ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਕੀ ਚੋਣ ਕਮਿਸ਼ਨ ਦੂਜੇ ਗ੍ਰਹਿ ’ਤੇ ਸੀ।

ਕੋਰਟ ਦੀ ਸਖਤ ਚਿਤਾਵਨੀ-
ਕੋਰਟ ਨੇ ਇਸ ਦੇ ਨਾਲ ਹੀ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਮਈ ਨੂੰ ਕੋਵਿਡ-19 ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਹੋਇਆ ਤਾਂ ਵੋਟਾਂ ਦੀ ਗਿਣਤੀ ਲਈ ਬਲਿਊ ਪਿ੍ਰੰਟ ਨਹੀਂ ਤਿਆਰ ਕੀਤਾ ਗਿਆ ਤਾਂ ਗਿਣਤੀ ’ਤੇ ਰੋਕ ਲਗਾ ਦੇਵਾਂਗੇ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਸਿਹਤ ਦਾ ਸਮਲਾ ਕਾਫੀ ਅਹਿਮ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਕੋਰਟ ਨੂੰ ਇਹ ਯਾਦ ਦਿਵਾਉਣਾ ਪੈ ਰਿਹਾ ਹੈ। ਇਸ ਵੇਲੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਜਿਊਂਦੇ ਰਹਿਣ ਲਈ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। 

ਜ਼ਿਕਰਯੋਗ ਹੈ ਕਿ ਦੇਸ਼ ਦੇ 5 ਸੂਬਿਆਂ- ਆਸਾਮ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਚੋਣਾਂ ਹੋਈਆਂ। 4 ਸੂਬਿਆਂ ’ਚ ਤਾਂ ਚੋਣਾਂ ਖਤਮ ਹੋ ਚੁੱਕੀਆਂ ਹਨ, ਜਦਕਿ ਪੱਛਮੀ ਬੰਗਾਲ ਵਿਚ ਜਾਰੀ ਹਨ। ਚੁਣਾਵੀ ਸੂਬਿਆਂ ’ਚ ਵੋਟਿੰਗ ਖਤਮ ਹੋਣ ਤੋਂ ਬਾਅਦ ਕੋਰੋਨਾ ਦੇ ਕੇਸ ਵੱਧਣ ਨਾਲ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਦੱਸ ਦੇਈਏ ਕਿ ਪੂਰੇ ਦੇਸ਼ ’ਚ ਰੋਜ਼ਾਨਾ ਸਾਢੇ ਤਿੰਨ ਲੱਖ ਤੋਂ ਪਾਰ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਹਾਲਾਤ ਬੇਕਾਬੂ ਹੋ ਗਏ ਹਨ। ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਭਾਰੀ ਕਿੱਲਤ ਹੈ। 


author

Tanu

Content Editor

Related News