ਮੱਧ ਪ੍ਰਦੇਸ਼ ਦੇ 22 ਬਾਗੀ ਵਿਧਾਇਕਾਂ ਨੂੰ ਸਪੀਕਰ ਦਾ ਨੋਟਿਸ

Thursday, Mar 12, 2020 - 05:40 PM (IST)

ਮੱਧ ਪ੍ਰਦੇਸ਼ ਦੇ 22 ਬਾਗੀ ਵਿਧਾਇਕਾਂ ਨੂੰ ਸਪੀਕਰ ਦਾ ਨੋਟਿਸ

ਭੋਪਾਲ— ਮੱਧ ਪ੍ਰਦੇਸ਼ 'ਚ ਜਿਓਤਿਰਾਦਿਤਿਆ ਸਿੰਧੀਆ ਦੇ ਭਾਜਪਾ 'ਚ ਸ਼ਾਮਲ ਹੋਣ ਅਤੇ 22 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਸੰਕਟ ਮੰਡਰਾ ਰਿਹਾ ਹੈ। ਇਸ ਵਿਚ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਐੱਨ.ਪੀ. ਪ੍ਰਜਾਪਤੀ ਨੇ ਅਸਤੀਫਾ ਦੇਣ ਵਾਲੇ ਸਾਰੇ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਸਪੀਕਰ ਨੇ ਵਿਧਾਇਕਾਂ ਨੂੰ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਅਸਤੀਫਾ ਦੇਣ ਵਾਲੇ ਸਾਰੇ 22 ਵਿਧਾਇਕ ਸ਼ੁੱਕਰਵਾਰ ਤੱਕ ਸਪੀਕਰ ਦੇ ਸਾਹਮਣੇ ਹਾਜ਼ਰ ਹੋ ਕੇ ਇਹ ਸਪੱਸ਼ਟੀਕਰਨ ਦੇਣ ਕਿ ਉਨ੍ਹਾਂ ਨੇ ਅਸਤੀਫਾ ਆਪਣੀ ਮਰਜ਼ੀ ਨਾਲ ਦਿੱਤਾ ਹੈ ਅਤੇ ਬਿਨਾਂ ਕਿਸੇ ਦੇ ਦਬਾਅ 'ਚ ਆਏ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਇਸ ਵਿਚ ਭਾਜਪਾ ਨੇ ਕਿਹਾ ਹੈ ਕਿ ਉਹ ਆਉਣ ਵਾਲੀ 16 ਮਾਰਚ ਨੂੰ ਸਦਨ 'ਚ ਫਲੋਰ ਟੈਸਟ ਦੀ ਮੰਗ ਕਰੇਗੀ, ਜਦੋਂ ਕਿ ਕਾਂਗਰਸ ਦਾ ਕਹਿਣਾ ਹੈ ਕਿ ਉਹ ਸਾਰੇ 22 ਵਿਧਾਇਕਾਂ ਦੇ ਅਸਤੀਫ਼ੇ 'ਤੇ ਫੈਸਲੇ ਤੋਂ ਬਾਅਦ ਹੀ ਕਿਸੇ ਵੀ ਤਰ੍ਹਾਂ ਦੇ ਟੈਸਟ ਲਈ ਤਿਆਰ ਹੋਵੇਗੀ।

ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਦੱਸਿਆ ਕਿ ਸਪੀਕਰ ਪ੍ਰਜਾਪਤੀ ਨੇ 22 ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ 'ਚੋਂ 6 ਮੰਤਰੀ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿਗਵਿਜੇ ਨੇ ਇਹ ਸਵਾਲ ਵੀ ਚੁੱਕਿਆ ਹੈ ਕਿ ਵਿਧਾਇਕੀ ਛੱਡਣ ਵਾਲੇ ਵਿਧਾਇਕ ਆਪਣਾ ਅਸਤੀਫਾ ਸੌਂਪਣ ਲਈ ਸਪੀਕਰ ਨਾਲ ਮੁਲਾਕਾਤ ਕਿਉਂ ਨਹੀਂ ਕਰ ਰਹੇ ਹਨ।


author

DIsha

Content Editor

Related News