ਪੈਸਾ ਵਸੂਲਣ ਆਏ ਲੋਕਾਂ ਨੂੰ ਬੱਚਾ ਚੋਰ ਦੀ ਅਫਵਾਹ ਫੈਲਾ ਕੇ ਕੁੱਟਿਆ, ਇਕ ਦੀ ਮੌਤ

02/06/2020 10:52:40 AM

ਧਾਰ— ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ 'ਚ ਮੌਬ ਲਿੰਚਿੰਗ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਕਿ ਮਨਾਵਰ ਥਾਣਾ ਖੇਤਰ ਦੇ ਇਕ ਪਿੰਡ 'ਚ ਪਿੰਡ ਵਾਸੀਆਂ ਨੇ ਇੰਦੌਰ ਤੋਂ ਆਪਣੀ ਰਕਮ ਵਸੂਲਣ ਆਏ 7 ਲੋਕਾਂ 'ਤੇ ਬੁੱਧਵਾਰ ਨੂੰ ਪੱਥਰ ਅਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਵਿਰੁੱਧ ਨਾਮਜ਼ਦ ਅਤੇ 10-12 ਅਣਪਛਾਤੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧਾਰ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਆਦਿੱਤਿਯ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਜ਼ਿਲਾ ਹੈੱਡ ਕੁਆਰਟਰ ਤੋਂ ਲਗਭਗ 65 ਕਿਲੋਮੀਟਰ ਦੂਰ ਹੋਈ ਹੈ। ਮ੍ਰਿਤਕ ਦੀ ਪਛਾਣ ਇੰਦੌਰ ਵਾਸੀ ਗਣੇਸ਼ ਪਟੇਲ ਦੇ ਤੌਰ 'ਤੇ ਹੋਈ ਹੈ।

PunjabKesariਐੱਸ.ਪੀ. ਨੇ ਦੱਸਿਆ ਕਿ ਹਮਲੇ 'ਚ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇੰਦੌਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐੱਸ.ਪੀ. ਨੇ ਦੱਸਿਆ ਕਿ ਇੰਦੌਰ ਜ਼ਿਲੇ ਦੇ ਸ਼ਯੋਪੁਰ ਖੇੜਾ ਦੇ ਰਹਿਣ ਵਾਲੇ ਵਿਨੋਦ ਮੁਕਾਤੀ ਨੇ ਧਾਰ ਦੇ ਬੋਰਲਾਈ ਪਿੰਡ ਦੇ ਰਹਿਣ ਵਾਲੇ 5 ਮਜ਼ਦੂਰਾਂ ਨੂੰ ਇੰਦੌਰ 'ਚ ਮਜ਼ਦੂਰੀ ਕਰਨ ਦੇ ਏਵਜ਼ 'ਚ 50-50 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ ਪਰ ਮਜ਼ਦੂਰ ਬਿਨਾਂ ਮਜ਼ਦੂਰੀ ਕੀਤੇ ਹੀ ਆਪਣੇ ਪਿੰਡ ਵਾਪਸ ਆ ਗਏ। ਜਦੋਂ ਵਿਨੋਦ ਮੁਕਾਤੀ ਨੇ ਆਪਣੇ ਪੈਸੇ ਵਾਪਸ ਲੈਣ ਦਾ ਦਬਾਅ ਬਣਾਇਆ ਤਾਂ ਇਨ੍ਹਾਂ ਮਜ਼ਦੂਰਾਂ ਨੇ ਮੁਕਾਤੀ ਨੂੰ ਆਪਣੇ ਪਿੰਡ ਬੁਲਾਇਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੁਕਾਤੀ ਆਪਣੇ 6 ਸਾਥੀਆਂ ਨਾਲ ਪਿੰਡ ਪੁੱਜਿਆ ਤਾਂ ਮਜ਼ਦੂਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ 'ਤੇ ਮੁਕਾਤੀ ਅਤੇ ਉਸ ਦੇ ਸਾਥੀ ਉੱਥੋਂ ਦੌੜੇ ਤਾਂ ਮਜ਼ਦੂਰਾਂ ਨੇ ਪਿੰਡ ਵਾਸੀਆਂ ਦਰਮਿਆਨ ਅਫਵਾਹ ਫੈਲਾ ਦਿੱਤੀ ਕਿ ਬੱਚਾ ਚੋਰ ਗਿਰੋਹ ਦੌੜ ਰਿਹਾ ਹੈ। ਇਸ ਤੋਂ ਬਾਅਦ ਹੋਰ ਪਿੰਡ ਵਾਸੀਆਂ ਨੇ ਦੌੜ ਰਹੇ ਮੁਕਾਤੀ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ ਪੱਥਰ ਅਤੇ ਲਾਠੀਆਂ ਨਾਲ ਜੰਮ ਕੇ ਕੁੱਟਿਆ। ਇਸ ਹਮਲੇ 'ਚ ਗਣੇਸ਼ ਪਟੇਲ ਦੀ ਮੌਤ ਹੋ ਗਈ। ਐੱਸ.ਪੀ. ਨੇ ਦੱਸਿਆ ਕਿ ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


DIsha

Content Editor

Related News