ਭਾਈਚਾਰੇ ਦੀ ਮਿਸਾਲ: ਮੁਸਲਿਮ ਸ਼ਖਸ ਨੇ ਮੰਦਰ ’ਚ ਲਗਾਈ 37 ਕੁਇੰਟਲ ਦੀ ਘੰਟੀ

Tuesday, Mar 29, 2022 - 01:38 PM (IST)

ਮੰਦਸੌਰ- ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਇਕ ਮੁਸਲਿਮ ਸ਼ਖਸ ਨੇ ਹਿੰਦੂ-ਮੁਸਲਿਮ ਸਦਭਾਵਨਾ ਅਤੇ ਭਾਈਚਾਰੇ ਦੀ ਬਿਹਤਰੀਨ ਮਿਸਾਲ ਪੇਸ਼ ਕੀਤੀ ਹੈ। ਮੁਸਲਿਮ ਮਿਸਤਰੀ ਨਾਹਰੂਖਾਨ ਨੇ 37 ਕੁਇੰਟਲ ਦੀ ਘੰਟੀ ਪਸ਼ੂਪਤੀਨਾਥ ਮੰਦਰ ਕੰਪਲੈਕਸ ’ਚ ਸਥਾਪਤ ਕੀਤੀ ਹੈ। ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਰਹੇ ਨਾਹੂਰ ਖਾਨ ਨੇ ਕੋਰੋਨਾ ਕਾਲ ’ਚ ਹਸਪਤਾਲਾਂ ’ਚ ਸੈਨੇਟਾਈਜ਼ਰ ਮਸ਼ੀਨਾਂ ਦਿੱਤੀਆਂ ਸਨ, ਜਿਸ ਦੀ ਕਾਫੀ ਚਰਚਾ ਹੋਈ ਸੀ। ਹੁਣ ਉਨ੍ਹਾਂ ਨੇ ਮੰਦਰ ’ਚ ਦੇਸ਼ ਦੀ ਸਭ ਤੋਂ ਵੱਡੀ ਘੰਟੀ ਸਥਾਪਤ ਕੀਤੀ ਹੈ, ਜਿਸ ਦੀ ਸਾਰੇ ਚਰਚਾ ਕਰ ਰਹੇ ਹਨ।

PunjabKesari

ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹੋਏ ਮੁਸਲਿਮ ਮਿਸਤਰੀ ਨਾਹੂਰ ਖਾਨ ਨੇ ਇੱਥੇ ਪਸ਼ੂਪਤੀਨਾਥ ਮੰਦਰ ਕੰਪਲੈਕਸ ’ਚ ਰੱਖੇ ਹੋਈ ਘੰਟੀ ਨੂੰ ਮੰਦਰ ’ਚ ਸਥਾਪਤ ਕੀਤਾ ਹੈ। ਲੋਕਾਂ ਦੇ ਦਰਸ਼ਨਾਂ ਲਈ ਇਹ ਸਭ ਤੋਂ ਵੱਡੀ ਘੰਟੀ ਕਾਫੀ ਲੰਬੇ ਸਮੇਂ ਤੋਂ ਇੱਥੇ ਰੱਖੀ ਗਈ ਸੀ। ਖ਼ਾਸ ਗੱਲ ਇਹ ਹੈ ਕਿ ਨਾਹੂਰ ਖਾਨ ਨੇ ਇਸ ਮਹਾ ਘੰਟੀ ਨੂੰ ਸਥਾਪਤ ਕਰਨ ਲਈ ਕੋਈ ਫੀਸ ਨਹੀਂ ਲਈ। ਹੁਣ ਇਸ ਘੰਟੀ ਦੀ ਗੂੰਜ ਦੂਰ-ਦੂਰ ਤੱਕ ਭਾਈਚਾਰੇ ਦੀ ਮਿਸਾਲ ਬਣ ਕੇ ਗੂੰਜੇਗੀ। 

ਦੱਸ ਦੇਈਏ ਕਿ ਇਹ ਘੰਟੀ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਹੈ। ਇਸ ਤੋਂ ਵੱਡੀ ਘੰਟੀ ਦੇਸ਼ ’ਚ ਕਿਤੇ ਵੀ ਨਹੀਂ ਹੈ। ਅੱਜ ਇਸ ਦਾ ਟਰਾਇਲ ਕੀਤਾ ਗਿਆ ਹੈ ਅਤੇ  ਛੇਤੀ ਹੀ ਇਸ ਦਾ ਉਦਘਾਟਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਹੱਥਾਂ ਨਾਲ ਹੋਵੇਗਾ। ਮੰਦਸੌਰ ਦੇ ਕਲੈਕਟਰ ਗੌਤਮ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਮੰਦਸੌਰ ਦਾ ਕਾਰਜਭਾਰ ਸੰਭਾਲਿਆ ਸੀ ਅਤੇ ਪਸ਼ੂਪਤੀਨਾਥ ਮੰਦਰ ਕੰਪਲੈਕਸ ’ਚ ਰੱਖੇ ਇਸ ਘੰਟੀ ਨੂੰ ਵੇਖਿਆ ਸੀ ਅਤੇ ਮੈਨੂੰ ਲੱਗਾ ਸੀ ਕਿ ਪ੍ਰਦਰਸ਼ਿਤ ਕਰਨ ਦੀ ਵਸਤੂ ਹੈ ਅਤੇ ਇਹ ਕਦੇ ਵਜੇਗੀ ਨਹੀਂ। ਇਸ ਘੰਟੀ ਮੁਹਿੰਮ ਨਾਲ ਜੁੜੇ ਲੋਕਾਂ ਨੇ ਮੇਰੇ ਨਾਲ ਮਿਲ ਕੇ ਇਸ ਨੂੰ ਲਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਨਾਹੂਰ ਨਾਲ ਜਦੋਂ ਗੱਲ ਹੋਈ ਤਾਂ ਉਨ੍ਹਾਂ ਨੇ ਇਸ ਘੰਟੀ ਨੂੰ ਲਾਉਣ ਦੀ ਗੱਲ ਆਖੀ। ਅੱਜ ਇਹ ਮੰਦਰ ਕੰਪਲੈਕਸ ’ਚ ਸਥਾਪਤ ਕੀਤੀ ਜਾ ਚੁੱਕੀ ਹੈ।


Tanu

Content Editor

Related News