ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ
Tuesday, Apr 27, 2021 - 01:09 PM (IST)
ਰਤਲਾਮ— ਕੋਰੋਨਾ ਕਾਲ ’ਚ ਪਿਛਲੇ ਸਾਲ ਵਾਂਗ ਇਸ ਵਾਰ ਵੀ ਵਿਆਹਾਂ ਦਾ ਦੌਰ ਜਾਰੀ ਹੈ। ਮੱਧ ਪ੍ਰਦੇਸ਼ ਵਿਚ ਕੋਰੋਨਾ ਕਾਲ ’ਚ ਇਕ ਅਨੋਖਾ ਵਿਆਹ ਹੋਇਆ, ਜਿਸ ਦੀ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ। ਪੀ. ਪੀ. ਈ. ਕਿੱਟ ਪਹਿਨ ਕੇ ਲਾੜਾ-ਲਾੜੀ ਸੱਤ ਫੇਰੇ ਲੈ ਰਹੇ ਹਨ। ਦੱਸ ਦੇਈਏ ਕਿ ਲਾਕਡਾਊਨ ਦੀ ਵਜ੍ਹਾ ਕਰ ਕੇ ਮੱਧ ਪ੍ਰਦੇਸ਼ ’ਚ ਬੈਂਡ, ਬਾਜਾ ਅਤੇ ਬਰਾਤ ’ਤੇ ਰੋਕ ਹੈ। ਬਹੁਤ ਘੱਟ ਲੋਕਾਂ ਦੀ ਮੌਜੂਦਗੀ ਵਿਚ ਹੀ ਵਿਆਹ ਹੋ ਸਕਦੇ ਹਨ, ਅਜਿਹੇ ਵਿਚ ਰਤਲਾਮ ’ਚ ਹੋਇਆ ਇਹ ਵਿਆਹ ਚਰਚਾ ਵਿਚ ਹੈ।
ਦਰਅਸਲ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਇਕ ਮਾਂਗਲਿਕ ਭਵਨ ’ਚ ਵਿਆਹ ਹੋ ਰਿਹਾ ਹੈ। ਲਾੜਾ ਕੋਰੋਨਾ ਪਾਜ਼ੇਟਿਵ ਹੈ। ਇਸ ਖ਼ਬਰ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਨਵੀਨ ਗਰਗ ਵਿਆਹ ਰੁਕਵਾਉਣ ਲਾੜੇ ਦੇ ਘਰ ਪੁੱਜੇ। ਲਾੜੇ ਦੀ ਕੋਰੋਨਾ ਰਿਪੋਰਟ 19 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ। ਇਸ ਦੇ ਬਾਵਜੂਦ ਵੀ ਵਿਆਹ ਕਰਵਾਉਣ ਜਾ ਰਿਹਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵਿਆਹ ਰੋਕਣ ਲਈ ਕਿਹਾ ਪਰ ਪਰਿਵਾਰ ਦੇ ਮੈਂਬਰਾਂ ਨੇ ਘਰ ’ਚ ਵਡੇਰੀ ਉਮਰ ਦੇ ਬਜ਼ੁਰਗ ਹੋਣ ਦਾ ਹਵਾਲਾ ਦੇ ਕੇ ਵਿਆਹ ਨਾ ਟਾਲਣ ਦੀ ਮਿੰਨਤ ਕੀਤੀ ਤਾਂ ਅਫ਼ਸਰਾਂ ਦੇ ਦਿਲ ਵੀ ਪਿਘਲ ਗਏ। ਆਲਾ ਅਧਿਕਾਰੀਆਂ ਦੇ ਨਿਰਦੇਸ਼ ’ਤੇ ਇਸ ਵਿਆਹ ਦੀ ਇਜਾਜ਼ਤ ਦੇ ਦਿੱਤੀ ਗਈ। ਸ਼ਰਤ ਇਹ ਰੱਖੀ ਗਈ ਸੀ ਕਿ ਲਾੜਾ-ਲਾੜੀ ਪੀ. ਪੀ. ਈ. ਕਿੱਟ ਪਹਿਨ ਕੇ ਵਿਆਹ ਕਰਨਗੇ। ਇਸ ’ਤੇ ਦੋਵੇਂ ਪਰਿਵਾਰ ਸਹਿਮਤ ਹੋ ਗਏ ਅਤੇ ਵਿਆਹ ਸੰਪੰਨ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਲਾੜਾ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਲਾੜੀ ਪੱਖ ਰਤਲਾਮ ਦੇ ਹੀ ਰਹਿਣ ਵਾਲੇ ਹਨ। ਵਿਆਹ ਵਿਚ ਲਾੜੇ ਪੱਖ ਵਲੋਂ 4 ਅਤੇ ਲਾੜੀ ਪੱਖ ਵਲੋਂ ਪੰਡਿਤ ਨੂੰ ਮਿਲਾ ਕੇ 4 ਲੋਕ ਯਾਨੀ ਕਿ 8 ਲੋਕ ਇਸ ਵਿਆਹ ਵਿਚ ਸ਼ਾਮਲ ਹੋਏ। ਵਿਆਹ ਤੋਂ ਬਾਅਦ ਲਾੜਾ-ਲਾੜੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਪਰ ਵੱਡੇ ਬਜ਼ੁਰਗਾਂ ਦੀ ਸਲਾਹ ਮਗਰੋਂ ਅਤੇ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਵਿਆਹ ਹੋ ਸਕਿਆ ਅਤੇੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।