ਗਰੀਬ ਮਜ਼ਦੂਰ ਦੀ ਚਮਕੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ
Monday, Sep 13, 2021 - 04:42 PM (IST)
ਪੰਨਾ— ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ‘ਰਤਨ ਗਰਭ’ ਧਰਤੀ ਨੇ ਅੱਜ ਫਿਰ ਇਕ ਗਰੀਬ ਮਜ਼ਦੂਰ ਨੂੰ ਰੰਕ ਤੋਂ ਰਾਜਾ ਬਣਾ ਦਿੱਤਾ ਹੈ। ਸ਼ਹਿਰ ਦੇ ਬੇਨੀਸਾਗਰ ਮੁਹੱਲਾ ਵਾਸੀ ਰਤਨਲਾਲ ਪ੍ਰਜਾਪਤੀ ਨੂੰ ਹੀਰਾਪੁਰ ਟਪਰੀਅਨ ਉਥਲੀ ਖਾਨ ਖੇਤਰ ਤੋਂ 8.22 ਕੈਰੇਟ ਵਜ਼ਨ ਦਾ ਹੀਰਾ ਮਿਲਿਆ। ਇਸ ਹੀਰੇ ਦੀ ਅਨੁਮਾਨਤ ਕੀਮਤ 40 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਹੀਰਾ ਅਧਿਕਾਰੀ ਰਵੀ ਪਟੇਲ ਨੇ ਦੱਸਿਆ ਕਿ 8.22 ਕੈਰੇਟ ਵਜ਼ਨ ਦਾ ਹੀਰਾ ‘ਉੱਜਵਲ ਕਿਸਮ’ ਦਾ ਹੈ, ਜੋ ਗੁਣਵੱਤਾ ਅਤੇ ਕੀਮਤ ਦੇ ਲਿਹਾਜ਼ ਤੋਂ ਚੰਗਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ 21 ਸਤੰਬਰ ਨੂੰ ਪੰਨਾ ਵਿਚ ਉਥਲੀ ਖਾਨਾਂ ਤੋਂ ਪ੍ਰਾਪਤ ਹੋਏ ਹੀਰਿਆਂ ਦੀ ਹੋਣ ਵਾਲੀ ਖੁੱਲ੍ਹੀ ਨਿਲਾਮੀ ਵਿਚ ਇਸ ਹੀਰੇ ਨੂੰ ਵੀ ਰੱਖਿਆ ਜਾਵੇਗਾ।
ਹੀਰਾ ਦਫ਼ਤਰ ਪੰਨਾ ਦੇ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਪਹਿਲਾ ਐਲਾਨ ਮੁਤਾਬਕ ਨਿਲਾਨੀ ਵਿਚ 139 ਨਗ ਹੀਰੇ ਰੱਖੇ ਜਾ ਰਹੇ ਸਨ, ਜਿਨ੍ਹਾਂ ਦਾ ਵਜ਼ਨ 156.46 ਕੈਰੇਟ ਸੀ ਪਰ ਇਸ ਦਰਮਿਆਨ 5 ਨਗ ਹੀਰੇ ਹੋਰ ਜਮ੍ਹਾਂ ਹੋਏ ਹਨ। ਇਸ ਤਰ੍ਹਾਂ ਹੁਣ ਨਿਲਾਨੀ ’ਚ ਰੱਖੇ ਜਾਣ ਵਾਲੇ ਹੀਰਿਆਂ ਦੀ ਗਿਣਤੀ ਵੱਧ ਕੇ 144 ਅਤੇ ਵਜ਼ਨ 181.50 ਕੈਰੇਟ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6.41 ਕੈਰੇਟ ਵਜ਼ਨ ਦਾ ਹੀਰਾ ਬੀਤੀ 9 ਸਤੰਬਰ ਨੂੰ ਕਿਸ਼ੋਰਗੰਜ ਪੰਨਾ ਵਾਸੀ ਪ੍ਰਸੂਨ ਜੈਨ ਨੂੰ ਮਿਲਿਆ ਸੀ। ਹੀਰਾ ਪ੍ਰਾਪਤ ਕਰਨ ਵਾਲਾ ਰਤਨਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ, ਉਹ ਹੀਰਿਆਂ ਦੀ ਖਾਨ ’ਚ ਕੰਮ ਕਰਦਾ ਰਿਹਾ ਹੈ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਫਿਰ ਵੀ ਉਮੀਦ ਨੇ ਛੱਡੀ ਅਤੇ ਹੀਰਿਆਂ ਦੀ ਭਾਲ ਜਾਰੀ ਰੱਖੀ। ਹੀਰਾ ਮਿਲਣ ਮਗਰੋਂ ਪੂਰਾ ਪਰਿਵਾਰ ਖੁਸ਼ ਹੈ।