ਹੁਣ ਇਸ ਮਸ਼ੀਨ ''ਚ ਕੂੜਾ ਪਾਉਣ ''ਤੇ ਮਿਲਣਗੇ ਪੈਸੇ
Friday, Feb 09, 2018 - 12:50 AM (IST)

ਲਖਨਊ (ਏਜੰਸੀਆਂ)—ਹੁਣ ਕਚਰਾ ਏ. ਟੀ. ਐੱਮ. ਭਾਵ ਇਸ ਰਿਵਰਸ ਵੈਂਡਿੰਗ ਮਸ਼ੀਨ 'ਚ ਕੂੜਾ ਪਾਓ ਅਤੇ ਪੈਸੇ ਹਾਸਲ ਕਰੋ। ਇਸ ਮਸ਼ੀਨ 'ਚ ਬੋਤਲ ਤੋਂ ਲੈ ਕੇ ਛਿਲਕੇ ਤਕ ਸਭ ਦੀ ਕੀਮਤ ਮਿਲੇਗੀ, ਜਿਸ ਨਾਲ ਤੁਸੀਂ ਕੂੜੇ ਤੋਂ ਕਮਾਈ ਵੀ ਕਰ ਸਕੋਗੇ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨੂੰ ਸਾਫ ਰੱਖਣ ਲਈ ਯੋਗੀ ਸਰਕਾਰ ਨੇ ਗਾਰਬੇਜ ਵੈਂਡਿੰਗ ਮਸ਼ੀਨ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਯਾਨਾਥ ਨੇ ਅੱਜ ਇਸ ਮਸ਼ੀਨ ਦਾ ਨਿਰੀਖਣ ਕੀਤਾ। ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਖੰਨਾ ਨੇ ਮੰਗਲਵਾਰ ਨੂੰ 2 ਕਚਰਾ ਏ. ਟੀ. ਐੱਮਜ਼. ਦੀ ਘੁੰਡ ਚੁਕਾਈ ਕੀਤੀ। ਇਸ ਦੀ ਖਾਸ ਗੱਲ ਇਹ ਹੈ ਇਸ ਏ. ਟੀ. ਐੱਮ.ਭਾਵ ਇਸ ਰਿਵਰਸ ਵੈਂਡਿੰਗ ਮਸ਼ੀਨ 'ਚ ਤੁਸੀਂ ਆਪਣਾ ਫਾਲਤੂ ਸਾਮਾਨ ਸੁੱਟ ਸਕਦੇ ਹੋ ਅਤੇ ਤੁਹਾਨੂੰ ਇਸ ਲਈ ਪੈਸੇ ਵੀ ਮਿਲਣਗੇ।
ਇਸ ਤਰ੍ਹਾਂ ਚੱਲਣਗੇ ਏ. ਟੀ. ਐੱਮ.
ਏ. ਟੀ. ਐੱਮ. 'ਚ ਦਾਖਲ ਹੋਣ 'ਤੇ ਉਥੇ ਲੱਗੀ ਮਸ਼ੀਨ ਦੀ ਸਕ੍ਰੀਨ ਨੂੰ ਸ਼ੁਰੂ ਕਰਨਾ ਪਵੇਗਾ ਫਿਰ ਉਸ 'ਚ ਮੋਬਾਈਲ ਨੰਬਰ ਪਾਉਣ 'ਤੇ ਇਕ ਓ. ਟੀ. ਪੀ. ਆਵੇਗਾ। ਇਸ ਤੋਂ ਬਾਅਦ ਇਥੇ ਸਕ੍ਰੀਨ 'ਤੇ ਸਟੈੱਪ ਬਾਈ ਸਟੈੱਪ ਹਰ ਜਾਣਕਾਰੀ ਦੇਣੀ ਪਵੇਗੀ। ਇਸ ਸਹੂਲਤ ਦਾ ਲਾਭ ਲੈਣ ਲਈ ਐਪ ਵੀ ਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਫਿਰ ਈ-ਵਾਲੇਟ 'ਚ ਪੈਸਾ ਵਾਪਸ ਆ ਜਾਵੇਗਾ। ਨਗਰ ਨਿਗਮ ਇਨ੍ਹਾਂ ਮਸ਼ੀਨਾਂ ਨੂੰ ਲਗਾਉਣ ਬਦਲੇ ਪ੍ਰਤੀ ਮਸ਼ੀਨ 6000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਕਿਰਾਇਆ ਦੇਵੇਗਾ।
ਲਖਨਊ 'ਚ 10 ਥਾਵਾਂ 'ਤੇ ਲੱਗਣਗੇ ਗਾਰਬੇਜ ਏ. ਟੀ. ਐੱਮਜ਼
ਲਖਨਊ 'ਚ ਯੋਗੀ ਸਰਕਾਰ ਤੇਜ਼ੀ ਨਾਲ ਇਹ ਗਾਰਬੇਜ ਏ. ਟੀ. ਐੱਮਜ਼. ਲਗਵਾ ਰਹੀ ਹੈ। ਸ਼ਹਿਰ 'ਚ ਅਜਿਹੀਆਂ ਮਸ਼ੀਨਾਂ ਦੀ ਸਥਾਪਨਾ 10 ਥਾਵਾਂ 'ਤੇ ਕੀਤੀ ਜਾਣੀ ਹੈ। ਫਿਲਹਾਲ ਹਜਰਤਗੰਜ ਅਤੇ 1090 ਚੌਕਾਂ ਦੇ ਨੇੜੇ ਇਹ ਮਸ਼ੀਨਾਂ ਲੱਗੀਆਂ ਹਨ।
ਇਹ ਹੈ ਮਸ਼ੀਨ ਦੀ ਖਾਸੀਅਤ
* ਮਸ਼ੀਨ 'ਚ ਇਕ ਪਲਾਸਟਿਕ ਦੀ ਬੋਤਲ ਪਾਉਣ 'ਤੇ 1 ਰੁਪਿਆ ਮਿਲੇਗਾ।
* ਕੱਚ ਦੀ ਬੋਤਲ ਪਾਉਣ 'ਤੇ 2 ਰੁਪਏ ਮਿਲਣਗੇ।
* ਮਸ਼ੀਨ 'ਚ ਆਧਾਰ ਕਾਰਡ ਰੀਡਰ ਲੱਗਾ ਹੈ ਜਿਸ ਨਾਲ ਕੂੜਾ ਪਾਉਣ ਵਾਲੇ ਦੀ ਪਛਾਣ ਹੋਵੇਗੀ।
* ਮਸ਼ੀਨ ਨਾਲ ਪਾਣੀ ਦਾ ਬਿੱਲ, ਮੋਬਾਇਲ ਦਾ ਬਿੱਲ ਵੀ ਅਦਾ ਕੀਤਾ ਜਾ ਸਕਦਾ ਹੈ।
* ਮਸ਼ੀਨ 'ਚ 200 ਮੀਟਰ ਦੀ ਰੇਂਜ ਤਕ ਦੀ ਫ੍ਰੀ ਵਾਈ-ਫਾਈ ਸਹੂਲਤ ਵੀ ਮੁਹੱਈਆ ਹੈ।
* ਮਸ਼ੀਨ ਨਾਲ ਹੀ ਕੈਬ ਵੀ ਬੁੱਕ ਕੀਤੀ ਜਾ ਸਕਦੀ ਹੈ।