4 ਸਾਲ ''ਚ ਹੋਵੇਗਾ ਹਰ ਘਰ ''ਚ ਐੱਲ. ਪੀ. ਜੀ. ਕੁਨੈਕਸ਼ਨ

12/06/2017 12:59:03 AM

ਨਵੀਂ ਦਿੱਲੀ-ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਉੱਜਵਲਾ ਯੋਜਨਾ ਤਹਿਤ ਡੇਢ ਸਾਲ 'ਚ 3 ਕਰੋੜ 20 ਲੱਖ ਰਸੋਈ ਗੈਸ (ਐੱਲ. ਪੀ. ਜੀ.) ਕੁਨੈਕਸ਼ਨ ਦਿੱਤੇ ਗਏ ਹਨ ਅਤੇ ਅਗਲੇ 4 ਸਾਲਾਂ 'ਚ ਦੇਸ਼ ਦੇ ਹਰ ਘਰ ਤੱਕ ਐੱਲ. ਪੀ. ਜੀ. ਕੁਨੈਕਸ਼ਨ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ 'ਚ ਕਰੀਬ 25 ਕਰੋੜ ਘਰ ਹਨ, ਜਿਨ੍ਹਾਂ 'ਚੋਂ 21.7 ਕਰੋੜ ਘਰਾਂ 'ਚ ਐੱਲ. ਪੀ. ਜੀ. ਕੁਨੈਕਸ਼ਨ ਦਿੱਤਾ ਜਾ ਚੁੱਕਾ ਹੈ। ਇਸ ਤਰ੍ਹਾਂ ਅਜੇ 77 ਫ਼ੀਸਦੀ ਘਰਾਂ 'ਚ ਰਸੋਈ ਗੈਸ ਪਹੁੰਚ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਦੇਸ਼ 'ਚ 100 ਨਵੇਂ ਬਾਟਲਿੰਗ ਪਲਾਂਟ ਲਾਏ ਜਾਣਗੇ। ਅਜੇ ਇਨ੍ਹਾਂ ਦੀ ਗਿਣਤੀ 190 ਹੈ। ਇਸ ਤੋਂ ਇਲਾਵਾ ਐੱਲ. ਪੀ. ਜੀ. ਦਰਾਮਦ ਲਈ 10 ਟਰਮੀਨਲ ਬਣਾਏ ਜਾਣਗੇ। ਨਾਲ ਹੀ ਡਿਸਟ੍ਰੀਬਿਊਟਰਾਂ ਦੀ ਗਿਣਤੀ ਮੌਜੂਦਾ ਦੇ 19,000 ਤੋਂ ਵਧਾ ਕੇ 2 ਸਾਲਾਂ 'ਚ 25,000 ਕੀਤੀ ਜਾਵੇਗੀ। ਦੇਸ਼ ਦਾ ਐੱਲ. ਪੀ. ਜੀ. ਉਦਯੋਗ 1 ਲੱਖ ਕਰੋੜ ਰੁਪਏ ਦਾ ਹੋ ਚੁੱਕਾ ਹੈ ਪਰ ਅਜੇ ਵੀ ਕਾਫ਼ੀ ਕੁਝ ਕੀਤਾ ਜਾਣਾ ਬਾਕੀ ਹੈ।
ਰਸੋਈ ਗੈਸ ਦੀ ਰੀਫਿਲਿੰਗ ਵੀ ਹੋਵੇਗੀ ਕਿਸ਼ਤਾਂ 'ਤੇ!
ਪ੍ਰਧਾਨ ਨੇ ਕਿਹਾ ਕਿ ਸਰਕਾਰ ਅਜਿਹੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ, ਜਿਸ 'ਚ ਰੀਫਿਲ ਵਾਲੇ ਸਿਲੰਡਰ ਦੀ ਕੀਮਤ ਵੀ ਇਕਮੁਸ਼ਤ ਨਾ ਦੇ ਕੇ ਕਿਸ਼ਤਾਂ 'ਚ ਦੇਣ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪਾਇਲਟ ਪ੍ਰਾਜੈਕਟ ਛੇਤੀ ਸ਼ੁਰੂ ਕੀਤਾ ਜਾਵੇਗਾ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਮਹਾਪ੍ਰਬੰਧਕ (ਐੱਲ. ਪੀ. ਜੀ. ਦਿਹਾਤੀ ਵੰਡ) ਅਪਰਣਾ ਅਸਥਾਨਾ ਨੇ ਕਿਹਾ ਕਿ ਪਿੰਡਾਂ 'ਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਕੋਲ ਰੋਜ਼ਾਨਾ ਬੱਚਤ ਤਾਂ ਹੁੰਦੀ ਹੈ ਪਰ ਉਹ ਇਕਮੁਸ਼ਤ ਰਾਸ਼ੀ ਨਹੀਂ ਦੇ ਸਕਦੇ, ਇਸ ਲਈ ਕੋਈ ਅਜਿਹੀ ਵਿੱਤੀ ਵਿਵਸਥਾ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਕਿਸ਼ਤਾਂ 'ਚ ਉਨ੍ਹਾਂ ਨੂੰ ਰੀਫਿਲ ਸਿਲੰਡਰ ਵੀ ਮੁਹੱਈਆ ਕਰਵਾਇਆ ਜਾ ਸਕੇ।


Related News