ਦਿੱਲੀ: ਰੋਹਿਣੀ ''ਚ ਸਕਿਓਰਿਟੀ ਗਾਰਡ ਦਾ ਕਤਲ ਕਰ ਕੇ ਡਾਕਘਰ ''ਚ ਲੁੱਟ
Saturday, Jan 27, 2018 - 12:32 PM (IST)
ਨਵੀਂ ਦਿੱਲੀ— ਇੱਥੇ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਉਹ ਸਰਕਾਰੀ ਸੰਸਥਾਵਾਂ ਤੱਕ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਡਰ ਰਹੇ। ਸ਼ਨੀਵਾਰ ਤੜਕੇ ਦਿੱਲੀ ਨੂੰ ਰੋਹਿਣੀ 'ਚ ਬਦਮਾਸ਼ਾਂ ਨੇ ਚੌਕੀਦਾਰ ਦਾ ਕਤਲ ਕਰ ਕੇ ਜ਼ਿਲਾ ਡਾਕਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਪੁਲਸ ਅਨੁਸਾਰ ਬਦਮਾਸ਼ਾਂ ਨੇ ਰੋਹਿਣੀ ਦੇ ਸੈਕਟਰ7 'ਚ ਸਥਿਤ ਜ਼ਿਲਾ ਡਾਕਘਰ ਦੇ ਚੌਕੀਦਾਰ ਦੇ ਹੱਥ-ਪੈਰ ਬੰਨ੍ਹ ਕੇ ਮੂੰਹ 'ਚ ਕੱਪੜਾ ਪਾ ਦਿੱਤਾ ਸੀ। ਚੌਕੀਦਾਰ ਦੀ ਪਛਾਣ 60 ਸਾਲਾ ਸੁਸ਼ੀਲ ਕੁਮਾਰ ਦੇ ਰੂਪ 'ਚ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਸੁਸ਼ੀਲ ਕੁਮਾਰ ਦੇ ਸਿਰ 'ਤੇ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਬਦਮਾਸ਼ਾਂ ਨੇ ਡਾਕਘਰ ਤੋਂ ਕਿੰਨੀ ਲੁੱਟ ਕੀਤੀ, ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਪੁਲਸ ਨੇ ਦੱਸਿਆ ਕਿ ਲੁਟੇਕੇ ਡਾਕਘਰ ਤੋਂ ਕੰਪਿਊਟਰ ਦੀ ਹਾਰਡ ਡਿਸਕ ਅਤੇ ਹੋਰ ਡਿਵਾਈਸ ਵੀ ਲੁੱਟ ਲੈ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਚੌਕੀਦਾਰ ਸੁਸ਼ੀਲ ਕੁਮਾਰ ਅਗਲੇ ਹੀ ਮਹੀਨੇ ਰਿਟਾਇਰਡ ਹੋਣ ਵਾਲਾ ਸੀ।
