ਜਾਵੇਦ ਹਬੀਬ ਖਿਲਾਫ ਲੁੱਕਆਊਟ ਨੋਟਿਸ ਜਾਰੀ, ਜਾਇਦਾਦ ਹੋ ਸਕਦੀ ਹੈ ਜ਼ਬਤ

Wednesday, Oct 08, 2025 - 06:07 PM (IST)

ਜਾਵੇਦ ਹਬੀਬ ਖਿਲਾਫ ਲੁੱਕਆਊਟ ਨੋਟਿਸ ਜਾਰੀ, ਜਾਇਦਾਦ ਹੋ ਸਕਦੀ ਹੈ ਜ਼ਬਤ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ, ਉਸਦੇ ਪੁੱਤਰ ਏਨੋਸ ਹਬੀਬ ਅਤੇ ਸਾਥੀ ਸੈਫੁਲ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਧੋਖਾਧੜੀ 7 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਇੱਕ ਨਿਊਜ਼ ਏਜੰਸੀ ਦੇ ਅਨੁਸਾਰ, ਧੋਖਾਧੜੀ ਦੇ ਦੋਸ਼ਾਂ ਵਿੱਚ ਕੁੱਲ 23 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਦੋਸ਼ੀ, FLC ਦੇ ਨਾਮ ਹੇਠ, ਬਿਟਕੋਇਨ ਨਿਵੇਸ਼ਾਂ 'ਤੇ 50-70 ਫੀਸਦੀ ਸਾਲਾਨਾ ਰਿਟਰਨ ਦਾ ਵਾਅਦਾ ਕਰਕੇ ਲੋਕਾਂ ਨਾਲ ਧੋਖਾ ਕਰ ਰਹੇ ਸਨ। ਇਸ ਦੌਰਾਨ, ਸੰਭਲ ਪੁਲਸ ਨੇ ਜਾਵੇਦ ਹਬੀਬ ਅਤੇ ਉਸਦੇ ਪੁੱਤਰ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।

ਪੁਲਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਜਾਵੇਦ ਹਬੀਬ ਅਤੇ ਉਸਦੇ ਪੁੱਤਰ ਏਨੋਸ ਹਬੀਬ ਨੇ FLC ਦੇ ਨਾਮ ਹੇਠ ਇੱਕ ਨਿਵੇਸ਼ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਤਹਿਤ, ਨਿਵੇਸ਼ਕਾਂ ਨੂੰ ਬਿਟਕੋਇਨ ਖਰੀਦਣ 'ਤੇ 50 ਤੋਂ 70 ਫੀਸਦੀ ਸਾਲਾਨਾ ਰਿਟਰਨ ਦਾ ਵਾਅਦਾ ਕੀਤਾ ਗਿਆ ਸੀ। ਐਸਪੀ ਬਿਸ਼ਨੋਈ ਦੇ ਅਨੁਸਾਰ, ਧੋਖਾਧੜੀ ਕਰਨ ਵਾਲਿਆਂ ਨੇ ਹਰੇਕ ਨਿਵੇਸ਼ਕ ਤੋਂ ਲਗਭਗ 5 ਤੋਂ 7 ਲੱਖ ਲਏ, ਪਰ ਢਾਈ ਸਾਲ ਬਾਅਦ ਵੀ, ਕਿਸੇ ਨੂੰ ਵੀ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲੇ।

38 ਪੀੜਤ, 23 ਐਫਆਈਆਰ ਦਰਜ
ਜਾਂਚਕਰਤਾਵਾਂ ਨੇ ਹੁਣ ਤੱਕ 38 ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨਾਲ ਇਸ ਸਕੀਮ ਰਾਹੀਂ ਧੋਖਾਧੜੀ ਕੀਤੀ ਗਈ ਸੀ। ਐਸਪੀ ਬਿਸ਼ਨੋਈ ਨੇ ਦੱਸਿਆ ਕਿ ਜਾਵੇਦ ਹਬੀਬ, ਉਸਦੇ ਪੁੱਤਰ ਐਨੋਸ ਹਬੀਬ ਅਤੇ ਸਾਥੀ ਸੈਫੁਲ ਵਿਰੁੱਧ ਕੁੱਲ 23 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਘੁਟਾਲਾ ਇੱਕ ਸੰਗਠਿਤ ਗਿਰੋਹ ਵਜੋਂ ਚਲਾਇਆ ਜਾ ਰਿਹਾ ਸੀ। ਪੁਲਸ ਨੇ ਪੂਰੇ ਮਾਮਲੇ 'ਤੇ ਸਖ਼ਤ ਰੁਖ਼ ਅਪਣਾਇਆ ਹੈ।

ਲੁੱਕਆਊਟ ਨੋਟਿਸ ਜਾਰੀ, ਜਾਇਦਾਦ ਜ਼ਬਤ ਹੋ ਸਕਦੀ ਹੈ
ਪੁਲਸ ਨੇ ਸੇਲਿਬ੍ਰਿਟੀ ਹੇਅਰ ਸਟਾਈਲਿਸਟ ਜਾਵੇਦ ਹਬੀਬ ਅਤੇ ਉਸਦੇ ਪੁੱਤਰ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਐਸਪੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਪੀੜਤਾਂ ਦੇ ਪੈਸੇ ਵਾਪਸ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਦੀ ਜਾਇਦਾਦ ਭਾਰਤੀ ਦੰਡ ਸੰਹਿਤਾ ਦੀ ਧਾਰਾ 107 ਤਹਿਤ ਜ਼ਬਤ ਕੀਤੀ ਜਾ ਸਕਦੀ ਹੈ। ਪੁਲਸ ਦੋਸ਼ੀਆਂ ਦੀ ਭਾਲ ਵਿੱਚ ਰੁੱਝੀ ਹੋਈ ਹੈ।


author

Hardeep Kumar

Content Editor

Related News