ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ, ਵਿਦੇਸ਼ ਯਾਤਰਾ ’ਤੇ ਲੱਗੀ ਰੋਕ
Monday, Jul 26, 2021 - 02:47 PM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੇ ਚੱਲਦੇ ਹੁਣ ਸਿਰਸਾ ਦੇਸ਼ ਛੱਡ ਕੇ ਕਿਤੇ ਵੀ ਬਾਹਰ ਨਹੀਂ ਜਾ ਸਕਦੇ ਹਨ। ਦਿੱਲੀ ਪੁਲਸ ਨੇ ਸਾਰੇ ਹਵਾਈ ਅੱਡਿਆਂ ’ਤੇ ਸਿਰਸਾ ਨੂੰ ਰੋਕਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਸਿਰਸਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੱਡੀ ਕਾਰਵਾਈ ਕੀਤੀ ਹੈ। ਸਿਰਸਾ ਖ਼ਿਲਾਫ਼ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ਵਿਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਕਰ ਰਹੀ ਸੀ। ਆਰਥਿਕ ਅਪਰਾਧ ਸ਼ਾਖਾ ਨੇ ਪਟਿਆਲਾ ਹਾਊਸ ਕੋਰਟ ’ਚ ਸਿਰਸਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ। ਜਾਂਚ ਟੀਮ ਦੀ ਅਪੀਲ ਮਗਰੋਂ ਸੋਮਵਾਰ ਯਾਨੀ ਕਿ ਅੱਜ ਪਟਿਆਲਾ ਹਾਊਸ ਕੋਰਟ ਵਲੋਂ ਸਿਰਸਾ ਨੂੰ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਜਾਰੀ ਹੋਣ ਨਾਲ ਹੀ ਸਿਰਸਾ ਦੀ ਵਿਦੇਸ਼ ਯਾਤਰਾ ’ਤੇ ਰੋਕ ਲਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਸਾਲ ਹੀ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ’ਚ ਮਨਜਿੰਦਰ ਸਿੰਘ ਸਿਰਸਾ ਸਮੇਤ ਕੁਝ ਹੋਰ ਦੋਸ਼ੀਆਂ ਖ਼ਿਲਾਫ਼ ਲਿਖਤੀ ਤੌਰ ’ਤੇ ਸ਼ਿਕਾਇਤ ਦਰਜ ਹੋਈ ਸੀ। ਇਹ ਸ਼ਿਕਾਇਤ ਭੂਪਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਦਰਜ ਕਰਵਾਈ ਸੀ। ਸਿਰਸਾ ਖ਼ਿਲਾਫ਼ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਦੀ ਤਫਤੀਸ਼ ਲਈ ਆਦੇਸ਼ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ ’ਚ ਸੁਣਵਾਈ ਦੌਰਾਨ ਦਿੱਤਾ ਸੀ। ਸਿਰਸਾ ’ਤੇ ਦੋਸ਼ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਿਚ ਜਦੋਂ ਉਹ ਜਨਰਲ ਸਕੱਤਰ ਦੇ ਅਹੁਦੇ ’ਤੇ ਸਨ, ਤਾਂ ਇਸ ਦੌਰਾਨ ਸੰਸਥਾ ਦੇ ਫੰਡ ਵਿਚ ਲੱਖਾ ਰੁਪਏ ਦੇ ਘਪਲੇ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸਿਰਸਾ ਸਮੇਤ ਕਈ ਹੋਰ ਦੋਸ਼ੀਆਂ ਖ਼ਿਲਾਫ਼ ਵਿੱਤੀ ਫਰਜ਼ੀਵਾੜੇ ਦੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਸੀ।