ਲੋਕ ਸਭਾ ਚੋਣਾਂ 2024 : ਕਾਂਗਰਸ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਤੀਜੀ ਲਿਸਟ

Tuesday, Mar 19, 2024 - 02:46 PM (IST)

ਲੋਕ ਸਭਾ ਚੋਣਾਂ 2024 : ਕਾਂਗਰਸ ਅੱਜ ਜਾਰੀ ਕਰ ਸਕਦੀ ਹੈ ਉਮੀਦਵਾਰਾਂ ਦੀ ਤੀਜੀ ਲਿਸਟ

ਨਵੀਂ ਦਿੱਲੀ- ਕਾਂਗਰਸ ਦੀ ਲੋਕ ਸਭਾ ਉਮੀਦਵਾਰਾਂ ਦੀ ਤੀਜੀ ਲਿਸਟ ਅੱਜ ਆਉਣ ਦੀ ਸੰਭਾਵਨਾ ਹੈ। ਕੇਂਦਰੀ ਚੋਣ ਕਮੇਟੀ ਸੀ.ਈ.ਸੀ. ਦੀ ਬੈਠਕ ਅੱਜ ਦਿੱਲੀ 'ਚ ਹੋ ਰਹੀ ਹੈ, ਉਸਤੋਂ ਬਾਅਦ ਉਮੀਦਵਾਰਾਂ ਦੇ ਨਾਂਵਾਂ ਨੂੰ ਹਰੀ ਝੰਡੀ ਮਿਲ ਜਾਵੇਗੀ। ਮੱਧ ਪ੍ਰਦੇਸ਼ ਦੀਆਂ 18 ਸੀਟਾਂ 'ਤੇ ਵੀ ਉਮੀਦਵਾਰਾਂ ਦੇ ਨਾਂ ਅੱਜ ਦੇਰ ਸ਼ਾਮ ਨੂੰ ਐਲਾਨੇ ਜਾ ਸਕਦੇ ਹਨ, ਜਿਨ੍ਹਾਂ 'ਚ 8 ਤੋਂ 9 ਵਿਧਾਇਕਾਂ ਨੂੰ ਵੀ ਟਿਕਟ ਮਿਲਣ ਦੀ ਸੰਭਾਵਨਾ ਹੈ। ਦਰਅਸਲ, ਮੱਧ ਪ੍ਰਦੇਸ਼ ਦੀਆਂ 29 ਸੀਟਾਂ 'ਚੋਂ ਕਾਂਗਰਸ ਨੇ 10 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ, ਜਿਨ੍ਹਾਂ 'ਚ ਤਿੰਨ ਵਿਧਾਇਕਾਂ ਨੂੰ ਵੀ ਟਿਕਟ ਦਿੱਤੀਆਂ ਹਨ। ਖਜੁਰਾਹੋ ਦੀ ਇਕ ਸੀਟ ਨੂੰ ਸਮਾਜਵਾਦੀ ਪਾਰਟੀ ਲਈ ਗਠਜੋੜ ਤਹਿਤ ਛੱਡੀ ਗਈ ਹੈ। 

ਦਰਅਸਲ, ਭਾਜਪਾ ਆਪਣੇ ਸਾਰੇ 29 ਉਮੀਦਵਾਰ ਐਲਾਨ ਚੁੱਕੀ ਹੈ। ਅਜਿਹੇ 'ਚ ਕਾਂਗਰਸ 'ਤੇ ਵੀ ਆਪਣੇ ਉਮੀਦਵਾਰ ਜਲਦੀ ਐਲਾਨ ਕਰਨ ਦਾ ਦਬਾਅ ਹੈ। ਮੰਗਲਵਾਰ ਨੂੰ ਸੀ.ਈ.ਸੀ. ਦੀ ਬੈਠਕ ਤੋਂ ਬਾਅਦ ਤੀਜੀ ਸੂਚੀ ਜਾਰੀ ਹੋ ਸਕਦੀ ਹੈ, ਜਿਸ ਵਿਚ ਕਈ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆ ਸਕਦੇ ਹਨ। ਕਾਂਗਰਸ ਇਸ ਵਾਚ ਨੌਜਵਾਨ ਵਿਧਾਇਕਾਂ 'ਤੇ ਦਾਅ ਖੇਡਣ ਦੇ ਮੂਡ 'ਚ ਹੈ ਅਤੇ ਕਈ ਵਿਧਾਇਕਾਂ ਨਾਲ ਗੱਲ ਵੀ ਕਰ ਰਹੀ ਹੈ। 

ਕੀ ਜੀਤੂ ਪਟਵਾਰੀ ਇੰਦੌਰ ਤੋਂ ਲੜਨਗੇ ਚੋਣ

ਕਾਂਗਰਸ ਦੇ ਅੰਦਰ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੂੰ ਵੀ ਚੋਣ ਮੈਦਾਨ 'ਚ ਉਤਾਰਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਨੂੰ ਇੰਦੌਰ ਤੋਂ ਸੰਭਾਵਿਤ ਉਮੀਦਵਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਜੀਤੂ ਪਟਵਾਰੀ ਖੁਦ ਅਜੇ ਤਕ ਇੰਦੌਰ ਤੋਂ ਮੈਦਾਨ 'ਚ ਆਉਣ ਲਈ ਰਾਜ਼ੀ ਨਹੀਂ ਹਨ। ਅਜਿਹੇ 'ਚ ਇਹ ਵੱਡਾ ਸਵਾਲ ਹੋਵੇਗਾ ਕਿ ਕੀ ਸੂਬਾ ਪ੍ਰਧਾਨ ਚੋਣ ਮੈਦਾਨ 'ਚ ਆਉਣਗੇ ਜਾਂ ਨਹੀਂ। ਦੂਜੇ ਪਾਸੇ ਕਮਲਨਾਥ ਨੇ ਵੀ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਦਾ ਨਾਂ ਜਬਲਪੁਰ ਸੀਟ ਤੋਂ ਸੰਭਾਵਿਤ ਉਮੀਦਵਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ। ਹਾਲਾਂਕਿ, ਉਨ੍ਹਾਂ ਦੇ ਪੁੱਤਰ ਨਕੁਲਨਾਥ ਇਕ ਵਾਰ ਫਿਰ ਤੋਂ ਛਿੰਦਵਾੜਾ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। 

ਭੋਪਾਲ ਤੋਂ ਮੈਦਾਨ 'ਚ ਆਉਣਗੇ ਜੈਵਰਧਨ ਸਿੰਘ

ਗੁਨਾ ਸੰਸਦੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਦੇ ਪੁੱਤਰ ਅਤੇ ਸਾਬਕਾ ਕਾਂਗਰਸ ਮੰਤਰੀ ਜੈਵਰਧਨ ਸਿੰਘ ਦਾ ਨਾਂ ਵੀ ਚੱਲ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਜੈਵਰਧਨ ਸਿੰਘ ਖੁਦ ਭੋਪਾਲ ਤੋਂ ਚੋਣ ਲੜਨ ਦੇ ਇੱਛੁਕ ਹਨ। ਉਹ ਗੁਨਾ ਵਿੱਚ ਉਮੀਦਵਾਰ ਨਹੀਂ ਬਣਨਾ ਚਾਹੁੰਦੇ। ਹਾਲਾਂਕਿ ਰਾਜਗੜ੍ਹ ਸੀਟ ਤੋਂ ਚੋਣ ਲੜਨ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਿਅਵਰਤ ਸਿੰਘ ਦਾ ਨਾਂ ਅੱਗੇ ਹੈ। ਪ੍ਰਿਆਵਰਤ ਵੀ ਦਿਗਵਿਜੇ ਸਿੰਘ ਦੇ ਰਿਸ਼ਤੇਦਾਰਾਂ 'ਚ ਸ਼ਾਮਲ ਹਨ। ਅਜਿਹੇ 'ਚ ਸੰਭਾਵਨਾ ਹੈ ਕਿ ਕਾਂਗਰਸ ਗੁਨਾ ਸੀਟ ਤੋਂ ਭਾਜਪਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਵੀਰੇਂਦਰ ਰਘੂਵੰਸ਼ੀ ਨੂੰ ਮੈਦਾਨ 'ਚ ਉਤਾਰ ਸਕਦੀ ਹੈ।

ਇਨ੍ਹਾਂ ਵਿਧਾਇਕਾਂ ਨੂੰ ਮਿਲ ਸਕਦੀ ਹੈ ਟਿਕਟ

ਜਿਨ੍ਹਾਂ ਵਿਧਾਇਕਾਂ ਨੂੰ ਟਿਕਟ ਮਿਲਣ ਦੀ ਉਮੀਦ ਹੈ, ਉਨ੍ਹਾਂ ਵਿੱਚ ਉਜੈਨ ਤੋਂ ਤਰਾਨਾ ਦੇ ਵਿਧਾਇਕ ਮਹੇਸ਼ ਪਰਮਾਰ, ਮੋਰੇਨਾ ਸੀਟ ਤੋਂ ਜੌੜਾ ਦੇ ਵਿਧਾਇਕ ਪੰਕਜ ਉਪਾਧਿਆਏ, ਜਬਲਪੁਰ ਤੋਂ ਲਖਨ ਘਨਘੋਰੀਆ, ਵਿਦਿਸ਼ਾ ਤੋਂ ਸਿਲਵਾਨੀ ਦੇ ਵਿਧਾਇਕ ਦੇਵੇਂਦਰ ਪਟੇਲ, ਦਮੋਹ ਸੀਟ ਤੋਂ ਬਡਾ ਮਲਹਾਰਾ ਦੇ ਵਿਧਾਇਕ ਰਾਮਸੀਆ ਭਾਰਤੀ, ਸ਼ਾਹਡੋਲ ਤੋਂ ਪੁਸ਼ਪ ਰਾਜਗੜ੍ਹ ਦੇ ਵਿਧਾਇਕ ਫੁੰਡੇਲਾਲ ਮਾਰਕੋ, ਮੰਦਸੌਰ ਤੋਂ ਵਿਧਾਇਕ ਵਿਪਿਨ ਜੈਨ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਰੀਵਾ ਤੋਂ ਅਭੈ ਮਿਸ਼ਰਾ ਦੀ ਪਤਨੀ ਉਤਰੇਗੀ ਮੈਦਾਨ 'ਚ

ਭਾਜਪਾ ਨੇ ਇੱਕ ਵਾਰ ਫਿਰ ਜਨਾਰਦਨ ਮਿਸ਼ਰਾ ਨੂੰ ਰੀਵਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਇੱਥੇ ਸਾਬਕਾ ਵਿਧਾਇਕ ਨੀਲਮ ਮਿਸ਼ਰਾ ਨੂੰ ਆਪਣਾ ਉਮੀਦਵਾਰ ਮੰਨ ਰਹੀ ਹੈ। ਨੀਲਮ ਮਿਸ਼ਰਾ ਸੇਮਰੀਆ ਤੋਂ ਕਾਂਗਰਸ ਵਿਧਾਇਕ ਅਭੈ ਮਿਸ਼ਰਾ ਦੀ ਪਤਨੀ ਹੈ। ਅਜਿਹੇ 'ਚ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਉਮੀਦਵਾਰ ਵਜੋਂ ਵੀ ਦੇਖਿਆ ਜਾ ਰਿਹਾ ਹੈ। ਅਭੈ ਮਿਸ਼ਰਾ ਅਤੇ ਨੀਲਮ ਮਿਸ਼ਰਾ ਸਾਬਕਾ ਵਿਧਾਇਕ ਰਹਿ ਚੁੱਕੇ ਹਨ।


author

Rakesh

Content Editor

Related News