ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀਆਂ ਚਰਚਾਵਾਂ ਵਿਚਾਲੇ ਵੱਡੀ ਅਪਡੇਟ ਆਈ ਸਾਹਮਣੇ

Friday, Feb 21, 2025 - 11:18 AM (IST)

ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀਆਂ ਚਰਚਾਵਾਂ ਵਿਚਾਲੇ ਵੱਡੀ ਅਪਡੇਟ ਆਈ ਸਾਹਮਣੇ

ਜਲੰਧਰ (ਵਿਸ਼ੇਸ਼)–ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀ ਚਰਚਾ ਨੇ ਪਿਛਲੇ ਇਕ ਹਫ਼ਤੇ ਤੋਂ ਕਾਫ਼ੀ ਜ਼ੋਰ ਫੜ ਲਿਆ ਹੈ। ਇਸ ਚਰਚਾ ਨੇ ਤੂਲ ਉਦੋਂ ਫੜਿਆ, ਜਦੋਂ ਦੋਆਬੇ ਤੋਂ ਕਾਂਗਰਸ ਦਾ ਸੀਨੀਅਰ ਲੀਡਰ ਮੌਜੂਦਾ ਪ੍ਰਧਾਨ ਖ਼ਿਲਾਫ਼ ਬੇਹੱਦ ਤਿੱਖੀ ਟਿੱਪਣੀ ਕਰਦਾ ਹੈ, ਜੋ ਕਾਂਗਰਸ ਦੇ ਅਨੁਸ਼ਾਸਨ ਖ਼ਿਲਾਫ਼ ਹੈ ਅਤੇ ਨਾਲ ਹੀ ਖ਼ੁਦ ਪ੍ਰਧਾਨ ਬਣਨ ਦੀ ਇੱਛਾ ਵੀ ਜ਼ਾਹਿਰ ਕਰ ਜਾਂਦਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ ਲਈ ਕਈ ਨਾਮ ਸਾਹਮਣੇ ਆਉਣ ਲੱਗ ਜਾਂਦੇ ਹਨ ਪਰ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਕਿ ਇਸ ਚਰਚਾ ਨੂੰ ਛੇੜ ਕੌਣ ਰਿਹਾ ਹੈ? 

ਨਵਾਂ ਪ੍ਰਧਾਨ ਬਦਲੇ ਜਾਣ ਦੀ ਗੱਲ ਕਿਸ ਨੇ ਅਤੇ ਕਿੱਥੇ ਕਹੀ ਹੈ? ਜਾਂ ਫਿਰ ਕੀ ਕਾਂਗਰਸ ਹਾਈਕਮਾਨ ਸੱਚਮੁੱਚ ਹੀ ਪੰਜਾਬ ਦਾ ਪ੍ਰਧਾਨ ਬਦਲਣਾ ਚਾਹੁੰਦੀ ਹੈ। ਅਜਿਹੇ ’ਚ ਸਿਆਸੀ ਮਾਹਿਰਾਂ ਦੀ ਗੱਲ ਮੰਨੀਏ ਤਾਂ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਮੰਨਦੇ ਹਨ ਕਿ ਬਹਿਰਹਾਲ ਇਹ ਚਰਚਾ ਸਿਰਫ਼ ਹਵਾਈ ਖ਼ਬਰ ਹੈ, ਜੋ ਪ੍ਰਧਾਨਗੀ ਦੀ ਦੌੜ ’ਚ ਲੱਗੇ ਹੋਏ ਲੀਡਰਾਂ ਵੱਲੋਂ ਫੈਲਾਈ ਗਈ ਹੈ, ਜਦਕਿ ਪਾਰਟੀ ਦੇ ਅੰਦਰੋਂ ਜਾਂ ਫਿਰ ਹਾਈਕਮਾਨ ਦੇ ਹਵਾਲੇ ਤੋਂ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਸਿਆਸੀ ਪੰਡਿਤਾਂ ਦੀ ਇਸ ਕਿਆਸਅਰਾਈ ਦੀ ਤਹਿ ਫਰੋਲੀਏ ਤਾਂ ਇਹ ਜ਼ਿਕਰਯੋਗ ਹੈ ਕਿ ਹਾਈਕਮਾਨ ਨੇ ਹੁਣ ਤੱਕ ਬਾਕੀ ਸੂਬਿਆਂ ਦੇ ਇੰਚਾਰਜ ਬਦਲ ਦਿੱਤੇ ਹਨ, ਅਜਿਹੇ ’ਚ ਪੰਜਾਬ ਦਾ ਵੀ ਨਵਾਂ ਇੰਚਾਰਜ ਚੁਣ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ, ਲਾਹ 'ਤੀ ਪੱਗ

ਜੇਕਰ ਹਾਈਕਮਾਨ ਨੇ ਪ੍ਰਧਾਨ ਦੀ ਬਦਲੀ ਕਰਨੀ ਹੁੰਦੀ ਤਾਂ ਉਹ ਇਸੇ ਲੜੀ ’ਚ ਹੀ ਨਵਾਂ ਨਾਮ ਨਸ਼ਰ ਕਰ ਸਕਦੀ ਸੀ। ਦੂਜਾ ਸੰਕੇਤ ਇਹ ਵੀ ਹੈ ਕਿ ਕਾਂਗਰਸ ਦਾ ਮੌਜੂਦਾ ਪ੍ਰਧਾਨ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਹੈ, ਜੇ ਕਾਂਗਰਸ ਨਵਾਂ ਪ੍ਰਧਾਨ ਲਾਉਂਦੀ ਵੀ ਹੈ ਤਾਂ ਇਹ ਗੱਲ ਕੰਧ ’ਤੇ ਲਿਖੀ ਹੈ ਕਿ ਉਹ ਦੋਬਾਰਾ ਫਿਰ ਜੱਟ ਸਿੱਖ ਨੂੰ ਹੀ ਮੌਕਾ ਦੇ ਕੇ ਅਜਿਹੀ ਸਿਆਸੀ ਗਲਤੀ ਨਹੀਂ ਕਰੇਗੀ, ਖ਼ਾਸ ਕਰਕੇ ਜਦੋਂ ਕਾਂਗਰਸ ਕੈਪਟਨ ਨੂੰ ਹਟਾ ਕੇ ਦੋਬਾਰਾ ਕਿਸੇ ਜੱਟ ਸਿੱਖ ਨੂੰ ਮੁੱਖ ਮੰਤਰੀ ਨਾ ਬਣਾਉਂਦਿਆਂ ਦਲਿਤ ਲੀਡਰ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਚੁੱਕੀ ਹੋਵੇ ਪਰ ਹੁਣ ਜਦੋਂ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਕਤਾਰ ’ਚ ਖੜ੍ਹੇ ਹੋਏ ਲੀਡਰਾਂ ਨੂੰ ਵੇਖੀਏ ਤਾਂ 99 ਫ਼ੀਸਦੀ ਜੱਟ ਸਿੱਖ ਲੀਡਰ ਹੀ ਨਜ਼ਰ ਆਉਂਦੇ ਹਨ।
ਅਗਲੀ ਪ੍ਰਭਾਵਸ਼ਾਲੀ ਗੱਲ ਇਹ ਵੀ ਹੈ ਕਿ ਪੰਜਾਬ ਤੋਂ ਖ਼ੁਦ ਨੂੰ ਪ੍ਰਧਾਨਗੀ ਦੇ ਠੋਸ ਦਾਅਵੇਦਾਰ ਮੰਨਣ ਵਾਲੇ ਅਨੂਸੁਚਿਤ ਜਾਤੀ ਦੇ ਲੀਡਰਾਂ ਨੂੰ ਹਾਈਕਮਾਨ ਨੇ ਦੂਜੇ ਸੂਬਿਆਂ ’ਚ ਜ਼ਿੰਮੇਵਾਰੀ ਦਿੱਤੇ ਜਾਣ ਦੀ ਗੱਲ ਵੀ ਕਹੀ ਹੈ, ਜਿਸ ਤੋਂ ਸਾਫ਼ ਹੈ ਕਿ ਹਾਈਕਮਾਨ ਉਨ੍ਹਾਂ ਨੂੰ ਪੰਜਾਬ ’ਚ ਫਿਟ ਨਹੀਂ ਕਰਨਾ ਚਾਹੁੰਦੀ। ਪ੍ਰਧਾਨ ਨਾ ਬਦਲੇ ਜਾਣ ਦਾ ਤੀਜਾ ਸੰਕੇਤ ਇਹ ਵੀ ਹੈ ਕਿ ਮੌਜੂਦਾ ਪ੍ਰਧਾਨ ਪਾਰਟੀ ਦੇ ਕਈ ਇਮਤਿਹਾਨ ਪਾਸ ਕਰ ਚੁੱਕਾ ਹੈ, ਜਿਸ ’ਚ ਉਸ ਦੀ ਆਪਣੀ ਲੋਕ ਸਭਾ ਚੋਣ ’ਚ ਜਿੱਤ ਦੇ ਸਣੇ ਕਾਂਗਰਸ ਨੂੰ 7 ਸੀਟਾਂ, ਪੰਚਾਇਤ ਅਤੇ ਨਗਰ ਨਿਗਮ ਚੋਣਾਂ ’ਚ ਚੰਗਾ ਪ੍ਰਦਰਸ਼ਨ, ਤਿੰਨ ਸਾਲ ਤੱਕ ਪ੍ਰਧਾਨਗੀ ’ਤੇ ਸਥਿਰ ਰਹਿਣਾ ਅਤੇ ਰਾਹੁਲ ਗਾਂਧੀ ਦੀ ਟੀਮ ’ਚ ਹੋਣਾ ਆਦਿ ਸ਼ਾਮਲ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਰੂਹ ਕੰਬਾਊ ਹਾਦਸਾ, ਸਪੋਰਟਸ ਕਾਰੋਬਾਰੀਆਂ ਦੇ 2 ਪੁੱਤਰਾਂ ਦੀ ਮੌਤ, ਸਿਰ ਤੋਂ ਲੰਘੀਆਂ ਗੱਡੀਆਂ

ਆਖਰੀ ਗੱਲ, ਜਦੋਂ ਕੈਪਟਨ ਅਤੇ ਜਾਖੜ ਤੋਂ ਬਾਅਦ ਕਈ ਸੀਨੀਅਰ ਲੀਡਰ ਪਾਰਟੀ ਛੱਡ ਗਏ ਸੀ ਤਾਂ ਕਈ ਲੀਡਰ ਲੰਬੇ ਸਮੇਂ ਲਈ ਪੰਜਾਬ ’ਚੋਂ ਨਦਾਰਦ ਸਨ। ਸੱਤਾਧਿਰ ਦਾ ਡਰ ਇੰਨਾ ਸੀ ਕਿ ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ। ਹਰੇਕ ਲੀਡਰ ਪਾਰਟੀ ਦੀ ਕਮਾਨ ਸੰਭਾਲਣ ਤੋਂ ਕੰਨੀ ਕਤਰਾ ਰਿਹਾ ਸੀ। ਉਪਰੋਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦੀ ਪਲਾਨਿੰਗ ਚੱਲ ਰਹੀ ਸੀ। ਅਜਿਹੇ ’ਚ ਫਿਰ ਕਮਾਨ ਰਾਜਾ ਵੜਿੰਗ ਨੂੰ ਸੌਂਪੀ ਜਾਂਦੀ ਹੈ। ਹਾਲਾਤ ਇਸ ਕਦਰ ਬਦਲਦੇ ਹਨ ਕਿ ਕਿਸੇ ਵਕਤ ਜਿਸ ਪ੍ਰਧਾਨਗੀ ਤੇ ਕੋਈ ਨੇੜਿਓਂ ਨਹੀਂ ਸੀ ਲੰਘਣਾ ਚਾਹੁੰਦਾ, ਅੱਜ ਉਸੇ ਲਈ ਜੱਦੋ-ਜ਼ਹਿਦ ਚੱਲ ਰਹੀ ਹੈ, ਜਿਸ ਨੂੰ ਮੌਜੂਦਾ ਪ੍ਰਧਾਨ ਆਪਣੀ ਪ੍ਰਾਪਤੀ ਮੰਨਦਾ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਹਾਲ ਦੀ ਘੜੀ ਹਾਈਕਮਾਨ ਨਵਾਂ ਪ੍ਰਧਾਨ ਲਾਉਣ ਦੇ ਰੋਹ ਵਿਚ ਨਹੀਂ ਲੱਗ ਰਹੀ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋ ਰਹੀ ਗੜੇਮਾਰੀ, ਜਾਣੋ ਅਗਲੇ ਦਿਨਾਂ ਦਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News