ਲੋਕ ਸਭਾ 'ਚ ਗੂੰਜਿਆ ਓਨਾਵ ਰੇਪ ਮਾਮਲਾ

Tuesday, Jul 30, 2019 - 11:22 AM (IST)

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਦੀ ਗੱਡੀ ਨਾਲ ਟਰੱਕ ਦੀ ਟੱਕਰ ਅਤੇ ਇਸ ਘਟਨਾ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਦਾ ਮਾਮਲਾ ਲੋਕ ਸਭਾ 'ਚ ਵੀ ਗੂੰਜਿਆ। ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਦਨ 'ਚ ਆ ਕੇ ਬਿਆਨ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਘਟਨਾ ਨਲਾ ਪੂਰਾ ਦੇਸ਼ ਸ਼ਰਮਸਾਰ ਹੋ ਗਿਆ ਹੈ। ਚੌਧਰੀ ਦੇ ਇਸ ਬਿਆਨ 'ਤੇ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਕਿਹਾ ਕਿ ਹਾਦਸੇ 'ਚ ਸ਼ਾਮਲ ਟਰੱਕ ਸਮਾਜਵਾਦੀ ਪਾਰਟੀ ਦੇ ਅਵਧਪਾਲ ਸਿੰਘ ਦਾ ਹੈ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇਹ ਹਾਦਸਾ ਨਹੀਂ, ਸਾਜਿਸ਼ ਹੈ ਤਾਂ ਇਸ ਸਾਜਿਸ਼ 'ਚ ਸਮਾਜਵਾਦੀ ਪਾਰਟੀ ਦਾ ਵਰਕਰ ਸ਼ਾਮਲ ਹੈ।

ਓਨਾਵ ਘਟਨਾ ਸਮਾਜ ਦੇ ਮੱਥੇ 'ਤੇ ਹੈ ਕਲੰਕ
ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਓਨਾਵ ਰੇਪ ਪੀੜਤਾ ਅਤੇ ਉਸ ਦੇ ਪਰਿਵਾਰ ਨਾਲ ਹੋਏ ਹਾਦਸੇ ਦਾ ਮਾਮਲਾ ਚੁੱਕਿਆ। ਉਨ੍ਹਾਂ ਨੇ ਕਿਹਾ,''ਅੱਜ ਪੂਰਾ ਦੇਸ਼ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਓਨਾਵ 'ਚ ਜੋ ਘਟਨਾ ਵਾਪਰੀ, ਉਹ ਸਮਾਜ ਦੇ ਮੱਥੇ 'ਤੇ ਕਲੰਕ ਹੈ। ਜਿਸ ਉੱਤਰ ਪ੍ਰਦੇਸ਼ ਨੂੰ ਉੱਤਮ ਪ੍ਰਦੇਸ਼ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਅਧਮ ਪ੍ਰਦੇਸ਼ ਬਣਨ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਨਾਬਾਲਗ ਕੁੜੀ ਨਾਲ ਗੈਂਗਰੇਪ ਦੇ ਗਵਾਹ ਨੂੰ ਖਤਮ ਕਰਨ ਲਈ ਪਰਿਵਾਰ ਨੂੰ ਲਿਜਾ ਰਹੀ ਗੱਡੀ 'ਤੇ ਟਰੱਕ ਚੜ੍ਹਾ ਦਿੱਤਾ ਗਿਆ ਅਤੇ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ। ਸਾਡੀ ਮੰਗ ਹੈ ਕਿ ਗ੍ਰਹਿ ਮੰਤਰੀ ਸਦਨ 'ਚ ਆ ਕੇ ਬਿਆਨ ਦੇਣ ਅਤੇ ਦੱਸਣ ਕਿ ਅਸੀਂ ਕਿਹੜੇ ਹਿੰਦੁਸਤਾਨ 'ਚ ਰਹਿ ਰਹੇ ਹਾਂ?'' ਉਨ੍ਹਾਂ ਦਾ ਬਿਆਨ ਖਤਮ ਹੋਣ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ 'ਪੀ.ਐੱਮ. ਮੋਦੀ ਜਵਾਬ ਦਿਓ, ਜਵਾਬ ਦਿਓ' ਅਤੇ 'ਬੇਟੀ  ਬਚਾਓ, ਬੇਟੀ ਪੜ੍ਹਾਈ ਦਾ ਕੀ ਹੋਇਆ, ਕੀ ਹੋਇਆ' ਦੇ ਨਾਅਰੇ ਲਗਾਉਣ ਲੱਗੇ।

ਸੀ.ਬੀ.ਆਈ. ਕਰ ਰਹੀ ਨਿਰਪੱਖਤਾ ਨਾਲ ਜਾਂਚ
ਕਾਂਗਰਸੀਆਂ ਦੇ ਰੌਲੇ ਦਰਮਿਆਨ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਕਹਿਣ 'ਤੇ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲਿਆਂ 'ਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸੀ.ਬੀ.ਆਈ. ਜਾਂਚ ਪਹਿਲਾਂ ਤੋਂ ਹੀ ਹੋ ਰਹੀ ਹੈ, ਐੱਫ.ਆਈ.ਆਰ. ਵੀ ਦਰਜ ਹੋ ਚੁਕੀ ਹੈ। ਯੂ.ਪੀ. ਸਰਕਾਰ ਨਿਰਪੱਖਤਾ ਨਾਲ ਪੂਰੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕੁਝ ਭਾਜਪਾ ਸੰਸਦ ਮੈਂਬਰਾਂ ਨੂੰ ਇਸ ਮਾਮਲੇ 'ਤੇ ਬੋਲਣ ਦਾ ਮੌਕਾ ਦਿੱਤਾ ਜਾਵੇ।

ਕਾਂਗਰਸ ਤੇ ਸਪਾ ਕਰ ਰਹੇ ਇਸ ਮੁੱਦੇ 'ਤੇ ਰਾਜਨੀਤੀ
ਸਪੀਕਰ ਦੀ ਮਨਜ਼ੂਰੀ ਮਿਲਣ 'ਤੇ ਯੂ.ਪੀ. ਤੋਂ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਕਿਹਾ ਕਿ ਯੂ.ਪੀ. ਸਰਕਾਰ ਇਸ ਮਾਮਲੇ 'ਚ ਨਿਰਪੱਖ ਜਾਂਚ ਕਰਵਾ ਰਹੀ ਹੈ ਪਰ ਕਾਂਗਰਸ ਅਤੇ ਸਪਾ ਪਾਰਟੀ ਇੰਨੇ ਸੰਵੇਦਨਸ਼ੀਲ ਮੁੱਦੇ 'ਤੇ ਵੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਸਦਨ 'ਚ ਕਿਹਾ,''ਕਾਂਗਰਸ ਪਾਰਟੀ ਨੇ ਰਾਜ ਦੇ ਵਿਸ਼ੇ ਨੂੰ ਸਦਨ 'ਚ ਚੁੱਕਿਆ ਅਤੇ ਰਾਜ ਸਰਕਾਰ ਨੂੰ ਬਦਨਾਮ ਕਰਨ ਲਈ ਕਿਹਾ ਕਿ ਸਬੂਤ ਮਿਟਾਉਣ ਲਈ ਟਰੱਕ ਹਾਦਸੇ ਦੀ ਯੋਜਨਾ ਬਣਾਈ ਗਈ ਹੈ। ਇਹ ਦੇਸ਼ ਨੂੰ ਗੁੰਮਰਾਹ ਕ ਰਹੇ ਹਨ। ਜਿਸ ਟਰੱਕ ਨੇ ਪੀੜਤਾ ਦੀ ਗੱਡੀ ਨੂੰ ਟੱਕਰ ਮਾਰੀ ਹੈ, ਉਹ ਸਮਾਜਵਾਦੀ ਪਾਰਟੀ ਦੇ ਨੇਤਾ ਅਵਧਪਾਲ ਸਿੰਘ ਦਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਸਮਾਜਵਾਦੀ ਪਾਰਟੀ ਕੱਲ ਤੋਂ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੀ ਹੈ। ਪਾਲ ਨੇ ਕਿਹਾ,''ਡੀ.ਜੀ.ਪੀ. ਨੇ ਸ਼ੁਰੂ 'ਚ ਕਿਹਾ ਸੀ ਕਿ ਇਹ ਹਾਦਸਾ ਹੋ ਸਕਦਾ ਹੈ ਪਰ ਕਾਂਗਰਸ ਅਤੇ ਸਪਾ ਉਦੋਂ ਤੋਂ ਹੀ ਇਸ ਨੂੰ ਸਾਜਿਸ਼ ਦੱਸ ਰਹੀ ਹੈ। ਅੱਜ ਪੂਰਾ ਦੇਸ਼ ਜਾਣ ਗਿਆ ਹੈ ਕਿ ਸਮਾਜਵਾਦੀ ਪਾਰਟੀ ਦੇ ਲੋਕ ਸਾਜਿਸ਼ 'ਚ ਸ਼ਾਮਲ ਸਨ। ਉਨ੍ਹਾਂ ਦਾ ਟਰੱਕ ਸੀ, ਉਨ੍ਹਾਂ ਦੇ ਪਰਿਵਾਰ ਦਾ ਟਰੱਕ ਸੀ। ਉੱਤਰ ਪ੍ਰਦੇਸ਼ 'ਚ ਇਨ੍ਹਾਂ ਦੀ ਜ਼ਮੀਨ ਨਹੀਂ ਬਚੀ ਹੈ।''

ਸਪਾ ਆਪਣੇ ਵਰਕਰ ਨੂੰ ਬਚਾਉਣ ਲਈ ਕਰ ਰਹੀ ਭਾਜਪਾ ਨੂੰ ਬਦਨਾਮ
ਉੱਤਰ ਪ੍ਰਦੇਸ਼ ਤੋਂ ਹੀ ਭਾਜਪਾ ਦੀ ਇਕ ਹੋਰ ਸੰਸਦ ਮੈਂਬਰ ਸਾਧਵੀ ਨਿਰੰਜਨ ਜੋਤੀ ਨੇ ਵੀ ਵਿਰੋਧੀ ਧਿਰ 'ਤੇ ਦੋਸ਼ ਲਗਾਇਆ ਕਿ ਉਹ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਇਸ ਮੁੱਦੇ 'ਤੇ ਅਸੀਂ ਬੇਟੀ ਅਤੇ ਪਰਿਵਾਰ ਨਾਲ ਹਨ। ਟਰੱਕ ਵਾਲਾ ਫਤਿਹਪੁਰ ਜ਼ਿਲੇ ਦੇ ਨਰੌਲੀ ਦਾ ਹੈ ਅਤੇ ਸਮਾਜਵਾਦੀ ਪਾਰਟੀ ਦਾ ਵਰਕਰ ਹੈ। ਉਹ ਸਮਾਜਵਾਦੀ ਪਾਰਟੀ ਦਾ ਅਹੁਦਾ ਅਧਿਕਾਰੀ ਹੈ। ਸਮਾਜਵਾਦੀ ਪਾਰਟੀ ਆਪਣੇ ਵਰਕਰ ਨੂੰ ਬਚਾਉਣ ਲਈ ਭਾਜਪਾ ਨੂੰ ਬਦਨਾਮ ਕਰ ਰਹੀ ਹੈ।'' 

ਰਾਜ ਸਭਾ 'ਚ ਵੀ ਗੂੰਜਿਆ ਮਾਮਲਾ
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਓਨਾਵ ਗੈਂਗਰੇਪ ਕਾਂਡ ਦੀ ਪੀੜਤਾ ਹਾਈ ਕੋਰਟ 'ਚ ਕੇਸ ਦੀ ਸੁਣਵਾਈ ਲਈ ਇਲਾਹਾਬਦ ਜਾ ਰਹੀ ਸੀ, ਉਦੋਂ ਰਾਏਬਰੇਲੀ 'ਚ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ, ਜਦੋਂ ਕਿ ਪੀੜਤਾ ਜ਼ਖਮੀ ਹੋ ਗਈ। ਘਟਨਾ 'ਚ ਉਨ੍ਹਾਂ ਦੇ ਵਕੀਲ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਸੋਮਵਾਰ ਨੂੰ ਰਾਜ ਸਭਾ 'ਚ ਵੀ ਇਹ ਮਾਮਲਾ ਗੂੰਜਿਆ। ਉਦੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਗੋਪਾਲ ਯਾਦਵ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।


DIsha

Content Editor

Related News