ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
Thursday, Dec 21, 2023 - 05:52 PM (IST)
ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਲੋਕ ਸਭਾ ਦੀ ਕਾਰਵਾਈ ਤੈਅ ਮਿਆਦ ਤੋਂ ਇਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਬੀਤੀ 4 ਦਸੰਬਰ ਨੂੰ ਹੋਈ ਸੀ ਅਤੇ ਤੈਅ ਪ੍ਰੋਗਰਾਮ ਦੇ ਅਨੁਸਾਰ 22 ਦਸੰਬਰ ਤਕ ਇਸਦਾ ਸੰਚਾਲਨ ਹੋਣਾ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦੱਸਿਆ ਕਿ ਇਸ ਸੈਸ਼ਨ 'ਚ ਕੰਮਕਾਜ ਕਰੀਬ 74 ਫੀਸਦੀ ਰਿਹਾ।
ਇਹ ਵੀ ਪੜ੍ਹੋ- ਲੋਕਾਂ ਨੇ ਪ੍ਰੇਮੀ ਜੋੜੇ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, 5 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਹੋਈ ਸੀ ਫਰਾਰ
ਉਨ੍ਹਾਂ ਕਿਹਾ ਕਿ ਇਸ ਸੈਸ਼ਨ 'ਚ 14 ਬੈਠਕਾਂ ਹੋਈਆਂ, ਜੋ 61 ਘੰਟੇ 50 ਮਿੰਟਾਂ ਤਕ ਚੱਲੀਆਂ। ਇਸ ਦੌਰਾਨ 12 ਸਰਕਾਰੀ ਬਿੱਲ ਪੇਸ਼ ਕੀਤੇ ਗਏ। ਕੁੱਲ 18 ਸਰਕਾਰੀ ਬਿੱਲ ਚਰਚਾ ਤੋਂ ਬਾਅਦ ਪਾਸ ਕੀਤੇ ਗਏ। ਬਿਰਲਾ ਨੇ ਦੱਸਿਆ ਕਿ ਸੈਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਲੋਕ ਸਭਾ ਦੀਆਂ ਸਥਾਈ ਕਮੇਟੀਆਂ ਨੇ 35 ਰਿਪੋਰਟਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਸਰਦ ਰੁੱਤ ਸੈਸ਼ਨ 'ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਸਿਫਰ ਕਾਲ 'ਚ 182 ਜ਼ਰੂਰੀ ਜਨਤਕ ਮਹੱਤਤਾ ਦੇ ਮਾਮਲੇ ਉਠਾਏ।
ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ
ਜਦੋਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਕਈ ਕੇਂਦਰੀ ਮੰਤਰੀ ਅਤੇ ਕਈ ਸਿਆਸੀ ਪਾਰਟੀਆਂ ਦੇ ਆਗੂ ਸਦਨ ਵਿੱਚ ਮੌਜੂਦ ਸਨ। ਵਿਰੋਧੀ ਧਿਰ ਦੀ ਗੈਲਰੀ ਕਾਫੀ ਹੱਦ ਤੱਕ ਖਾਲੀ ਰਹੀ ਕਿਉਂਕਿ ਇਸ ਸੈਸ਼ਨ ਦੌਰਾਨ ਕੁੱਲ 100 ਵਿਰੋਧੀ ਮੈਂਬਰਾਂ ਨੂੰ ਪ੍ਰਧਾਨਗੀ ਦੀ ਬੇਇੱਜ਼ਤੀ ਦੇ ਦੋਸ਼ ਹੇਠ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸੈਸ਼ਨ ਦੌਰਾਨ 13 ਦਸੰਬਰ ਨੂੰ ਦਰਸ਼ਕ ਗੈਲਰੀ 'ਚੋਂ ਲੋਕ ਸਭਾ 'ਚ ਛਾਲ ਮਾਰ ਦਿੱਤੀ ਸੀ ਅਤੇ ਉਨ੍ਹਾਂ ਨੇ ਧੂੰਆ ਫੈਲਾ ਦਿੱਤਾ ਸੀ। ਸੰਸਦ ਦੀ ਸੁਰੱਖਿਆ 'ਚ ਕੋਤਾਹੀ ਦੇ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕੀਤਾ। ਇਸ ਮੁੱਦੇ ਨੂੰ ਲੈ ਕੇ ਸਦਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਅਤੇ ਸਦਨ ਦਾ ਅਪਮਾਨ ਕਰਨ ਦੇ ਮਾਮਲੇ 'ਚ ਵੱਖ-ਵੱਖ ਦਿਨ ਕੁੱਲ 100 ਤੋਂ ਵੱਧ ਵਿਰੋਧੀ ਸੰਸਦ ਮੈਂਬਰਾਂ ਨੂੰ ਇਸ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ