ਦਿੱਲੀ ਹਿੰਸਾ ਦੇ ਮੁੱਦੇ ''ਤੇ ਲੋਕ ਸਭਾ ''ਚ ਅੱਜ ਫਿਰ ਹੰਗਾਮਾ, ਸਪੀਕਰ ਨੇ ਦਿੱਤੀ ਚਿਤਾਵਨੀ
Tuesday, Mar 03, 2020 - 01:40 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਹਿੰਸਾ ਨੂੰ ਲੈ ਕੇ ਲੋਕ ਸਭਾ 'ਚ ਅੱਜ ਦੂਜੇ ਦਿਨ ਵੀ ਹੰਗਾਮਾ ਹੋਇਆ, ਇੱਥੋਂ ਤਕ ਕਿ ਪ੍ਰਸ਼ਨਕਾਲ ਅਤੇ ਸਿਫਰ ਕਾਲ ਵੀ ਨਹੀਂ ਚਲ ਸਕੇ। ਸੰਸਦ 'ਚ ਦਿੱਲੀ ਹਿੰਸਾ 'ਤੇ ਚਰਚਾ ਕਰਾਉਣ ਅਤੇ ਸਰਕਾਰ ਤੋਂ ਜਵਾਬ ਦੀ ਮੰਗ ਕਰ ਰਹੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਸਦਨ ਦੀ ਬੈਠਕ ਇਕ ਵਾਰ ਮੁਲਤਵੀ ਤੋਂ ਬਾਅਦ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ। ਸੱਤਾਪੱਖ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਧੱਕਾ-ਮੁੱਕੀ ਦੀ ਸੋਮਵਾਰ ਦੀ ਘਟਨਾ ਨੂੰ ਲੈ ਕੇ ਸਪੀਕਰ ਓਮ ਬਿਰਲਾ ਨੇ ਅੱਜ ਭਾਵ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਸਦਨ 'ਚ ਕੋਈ ਵੀ ਮੈਂਬਰ ਰੌਲਾ-ਰੱਪਾ ਅਤੇ ਪ੍ਰਦਰਸ਼ਨ ਕਰਦੇ ਹੋਏ ਦੂਜੇ ਪੱਖ ਦੀਆਂ ਸੀਟਾਂ ਵੱਲ ਜਾਵੇਗਾ ਤਾਂ ਉਸ ਨੂੰ ਬਾਕੀ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਦਨ 'ਚ ਪਲੇਅ ਕਾਰਡ ਲਿਆਉਣ ਦੀ ਵੀ ਇਜਾਜ਼ਤ ਨ ਦੇਣ ਦਾ ਐਲਾਨ ਕੀਤਾ।
ਓਧਰ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਵਿਚ ਅਨੁਸ਼ਾਸਨ ਬਣਾਉਣ ਲਈ ਤੁਹਾਡੀ ਅਗਵਾਈ 'ਚ ਲਏ ਗਏ ਫੈਸਲੇ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ। ਲੋਕ ਸਭਾ ਸਪੀਕਰ ਚਰਚਾ ਲਈ ਜੋ ਸਮਾਂ ਤੈਅ ਕਰਨਗੇ, ਸਰਕਾਰ ਉਸ ਲਈ ਤਿਆਰ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਦੌਰਾਨ ਕਾਂਗਰਸ, ਦਰਮੁਕ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਹੋਰ ਵਿਰੋਧੀ ਦਲਾਂ ਦੇ ਮੈਂਬਰ ਦਿੱਲੀ ਹਿੰਸਾ 'ਤੇ ਤੁਰੰਤ ਚਰਚਾ ਕਰਾਉਣ ਦੀ ਮੰਗ ਕਰਦੇ ਰਹੇ। ਇਸ ਦੌਰਾਨ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ। ਕਾਂਗਰਸ ਮੈਂਬਰ ਆਪਣੀ ਥਾਂ 'ਤੇ ਖੜ੍ਹੇ ਹੋ ਕੇ ਰੌਲਾ ਪਾਉਣ ਲੱਗ ਪਏ। ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਦੀ ਨੁਮਾਇੰਦੇ ਹਾਂ। ਦਿੱਲੀ 'ਚ ਲਾਸ਼ਾਂ ਦੀ ਕਤਾਰ ਵਧ ਰਹੀ ਹੈ। ਇਹ ਵਿਸ਼ਾ ਚੁੱਕਣ ਦਾ ਸਾਨੂੰ ਅਧਿਕਾਰ ਦਿਓ। ਦਿੱਲੀ ਸੜ ਰਹੀ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹਨ। ਸਰਕਾਰ ਇਸ 'ਤੇ ਚਰਚਾ ਕਰਨਾ ਚਾਹੁੰਦੀ ਹੈ। ਹੰਗਾਮਾ ਵਧਣ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।