ਅਮੇਠੀ : ਬਜ਼ੁਰਗ ਔਰਤ ਦਾ ਦੋਸ਼- ਹੱਥ ਫੜ ਕੇ ਜ਼ਬਰਦਸਤੀ ਕਾਂਗਰਸ ਦਾ ਬਟਨ ਦਬਾ ਦਿੱਤਾ
Monday, May 06, 2019 - 01:15 PM (IST)
ਅਮੇਠੀ— ਲੋਕ ਸਭਾ ਚੋਣਾਂ 2019 ਵਿਚ ਕਾਂਗਰਸ 'ਤੇ ਲਗਾਤਾਰ ਹਮਲਾ ਬੋਲਣ ਵਾਲੀ ਅਮੇਠੀ ਤੋਂ ਭਾਜਪਾ ਉਮੀਦਵਾਰ ਸਮਰਿਤੀ ਈਰਾਨੀ ਨੇ ਕਾਂਗਰਸ 'ਤੇ ਬੂਥ ਕੈਪਚਰਿੰਗ ਦਾ ਗੰਭੀਰ ਦੋਸ਼ ਲਗਾਇਆ ਹੈ। ਸਮਰਿਤੀ ਨੇ ਦੋਸ਼ ਲਗਾਇਆ ਕਿ ਇੱਥੇ ਕਾਬਜ਼ ਅਧਿਕਾਰੀ ਕਾਂਗਰਸ ਦੇ ਇਸ਼ਾਰੇ 'ਤੇ ਭਾਜਪਾ ਦੀ ਵੋਟ ਕਾਂਗਰਸ ਨੂੰ ਭੁਗਤਾ ਰਹੇ ਹਨ। ਸਮਰਿਤੀ ਇੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਤੋਂ ਉਮੀਦਵਾਰ ਹਨ।
ਅਮੇਠੀ ਵਿਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਇੱਥੇ ਗੌਰੀਗੰਜ ਵਿਧਾਨ ਸਭਾ ਹਲਕਾ ਤਹਿਤ ਬੂਥ ਨੰਬਰ 316 ਗੂਜਰ ਟੋਲਾ 'ਤੇ ਤਾਇਨਾਤ ਅਧਿਕਾਰੀ 'ਤੇ ਇਕ ਬਜ਼ੁਰਗ ਔਰਤ ਨੇ ਜ਼ਬਰਨ ਕਾਂਗਰਸ ਦੇ ਹੱਕ ਵਿਚ ਵੋਟ ਪੁਆਉਣ ਦਾ ਦੋਸ਼ ਲਗਾਇਆ ਹੈ। ਇਸ ਨੂੰ ਭਾਜਪਾ ਉਮੀਦਵਾਰ ਸਮਰਿਤੀ ਈਰਾਨੀ ਨੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ 'ਤੇ ਬੂਥ ਕੈਪਚਰਿੰਗ ਕਰਨ ਦਾ ਦੋਸ਼ ਲਗਾਇਆ ਅਤੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦਾ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨੇ ਤੁਰੰਤ ਅਧਿਕਾਰੀ ਨੂੰ ਹਟਾ ਦਿੱਤਾ ਹੈ।
Alert @ECISVEEP Congress President @RahulGandhi ensuring booth capturing. https://t.co/KbAgGOrRhI
— Chowkidar Smriti Z Irani (@smritiirani) May 6, 2019
ਕੇਂਦਰੀ ਮੰਤਰੀ ਸਮਰਿਤੀ ਦਾ ਦੋਸ਼ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਵਿਚ ਬੂਥ ਕੈਪਚਰਿੰਗ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਸੂਚਨਾ ਉਨ੍ਹਾਂ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ। ਹੁਣ ਜਨਤਾ ਨੇ ਫ਼ੈਸਲਾ ਲੈਣਾ ਹੈ ਕਿ ਅਜਿਹੀ ਰਾਜਨੀਤੀ ਨੂੰ ਕੀ ਕਿਹਾ ਜਾ ਸਕਦਾ ਹੈ ਬੂਥ 'ਤੇ ਵੋਟ ਪਾਉਣ ਪਹੁੰਚੀ ਔਰਤ ਨੇ ਇਕ ਵੀਡੀਓ ਪੋਸਟ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਕਲਮ ਨਿਸ਼ਾਨ 'ਤੇ ਵੋਟ ਪਾਉਣਾ ਚਾਹੁੰਦੀ ਸੀ, ਜਦੋਂ ਕਿ ਉੱਥੇ ਮੌਜੂਦ ਅਧਿਕਾਰੀ ਨੇ ਉਸ ਦਾ ਹੱਥ ਫੜ ਕੇ ਉਸ ਤੋਂ ਕਾਂਗਰਸ ਦੇ ਚੋਣ ਚਿੰਨ੍ਹ ਪੰਜੇ ਦਾ ਬਟਨ ਨੱਪ ਦਿੱਤਾ। ਔਰਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀ ਵੀ ਹਰਕਤ ਵਿਚ ਆ ਗਏ।
