ਲੋਕ ਸਭਾ ਚੋਣਾਂ 2019 : ਟੀ-20 ਫਾਰਮੂਲਾ ਅਜ਼ਮਾਉਣਗੇ ਮੋਦੀ-ਸ਼ਾਹ
Sunday, Sep 16, 2018 - 04:09 PM (IST)

ਨਵੀਂ ਦਿੱਲੀ (ਭਾਸ਼ਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਵਿਚ ਸਾਲ 2014 ਵਰਗੇ ਨਤੀਜੇ ਦੋਹਰਾਉਣ ਲਈ ਭਾਜਪਾ ਟੀ-20 ਫਾਰਮੂਲਾ ਅਜ਼ਮਾਏਗੀ। ਇਸ ਦਾ ਮਤਲਬ ਇਕ ਵਰਕਰ 20 ਘਰਾਂ ਵਿਚ ਜਾ ਕੇ ਚਾਹ ਪੀਣਗੇ ਅਤੇ ਮੋਦੀ ਸਰਕਾਰ ਦੀਆਂ ਉਪਲਬਧੀਆਂ ਦੀ ਜਾਣਕਾਰੀ ਉਨ੍ਹਾਂ ਘਰਾਂ ਦੇ ਮੈਂਬਰਾਂ ਨੂੰ ਦੇਵੇਗਾ। ਟੀ-20 ਤੋਂ ਇਲਾਵਾ ਭਾਜਪਾ ਨੇ ਹਰ ਬੂਥ 10 ਯੂਥ ਨਮੋ ਐਪ ਸੰਪਰਕ ਪਹਿਲ ਅਤੇ ਬੂਥ ਟੋਲੀਆਂ ਰਾਹੀਂ ਮੋਦੀ ਸਰਕਾਰ ਦੀਆਂ ਉਪਲਬਧੀਆਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਭਾਜਪਾ ਨੇ ਆਪਣੇ ਸੰਸਦ ਮੈਂਬਰਾਂ, ਵਿਧਾਇਕਾਂ, ਸਥਾਨਕ ਅਤੇ ਬੂਥ ਪੱਧਰ ਦੇ ਵਰਕਰਾਂ ਤੋਂ ਆਪਣੇ-ਆਪਣੇ ਖੇਤਰਾਂ ਵਿਚ ਜਨਤਾ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ ਨੂੰ ਕਿਹਾ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਖੇਤਰ ਦੇ ਹਰੇਕ ਪਿੰਡ ਵਿਚ ਜਾਣ ਅਤੇ ਘੱਟੋ-ਘੱਟ 20 ਘਰਾਂ ਵਿਚ ਜਾ ਕੇ ਚਾਹ ਪੀਣ। ਇਸ ਟੀ-20 ਪਹਿਲ ਦਾ ਮਤਲਬ ਜਨਤਾ ਨਾਲ ਸਿੱਧੀ ਗੱਲਬਾਤ ਕਰਨਾ ਹੈ।
ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੇ ਹਮਲਾਵਰ ਪ੍ਰਚਾਰ ਰੈਲੀ ਅਪਣਾਈ ਸੀ। ਇਸ ਵਿਚ ਖਾਸ ਤੌਰ 'ਤੇ ਸੂਚਨਾ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਇਸ ਦਾ ਖਾਸ ਖਿੱਚ ਦਾ ਕੇਂਦਰ 3-ਡੀ ਰੈਲੀਆਂ ਦਾ ਆਯੋਜਨ ਸੀ। ਇਨ੍ਹਾਂ 3-ਡੀ ਰੈਲੀਆਂ ਵਿਚ ਇਕ ਹੀ ਸਮੇਂ ਵਿਚ ਕਈ ਥਾਵਾਂ 'ਤੇ ਬੈਠੇ ਲੋਕਾਂ ਨਾਲ ਜੁੜਣ ਦੀ ਪਹਿਲ ਕੀਤੀ ਗਈ ਸੀ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜੋੜਣ ਅਤੇ ਚਾਹ 'ਤੇ ਚਰਚਾ ਦੀ ਪਹਿਲ ਵੀ ਕੀਤੀ ਗਈ ਸੀ। ਅਗਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਆਪਣੀ ਇਸ ਮੁਹਿੰਮ ਨੂੰ ਵਿਆਪਕ ਪੱਧਰ 'ਤੇ ਲੈ ਜਾਣਾ ਚਾਹੁੰਦੀ ਹੈ।
ਭਾਜਪਾ ਨੇ ਬੂਥ ਪੱਧਰ ਲਈ ਇਕ ਚੰਗੀ ਰਣਨੀਤੀ ਬਣਾਈ ਹੈ, ਜਿਸ ਵਿਚ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਨਰਿੰਦਰ ਮੋਦੀ ਐਪ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਣ। ਪਾਰਟੀ ਸੂਤਰਾਂ ਨੇ ਦੱਸਿਆ ਕਿ ਅਗਲੇ ਹਫਤੇ ਨਰਿੰਦਰ ਮੋਦੀ ਐਪ ਦਾ ਨਵਾਂ ਫਾਰਮੈਟ ਆਉਣ ਵਾਲਾ ਹੈ, ਜਿਸ ਵਿਚ ਪਹਿਲੀ ਵਾਰ ਵਰਕਰਾਂ ਦੇ ਕੰਮਾਂ ਸਬੰਧੀ ਵੀ ਵੇਰਵਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਵਰਕਰ ਕੀ ਕਰਨ ਵਾਲੇ ਹਨ, ਉਸ ਬਾਰੇ ਵੇਰਵਾ ਐਪ ਵਿਚ ਹੋਵੇਗਾ। ਇਸ ਵਿਚ ਦੱਸਿਆ ਜਾਵੇਗਾ ਕਿ ਲੋਕਾਂ ਨੂੰ ਕਿਵੇਂ ਜੋੜਣਾ ਹੈ। ਐਪ ਵਿਚ ਕੁਝ ਸਾਹਿਤ, ਛੋਟੀਆਂ-ਛੋਟੀਆਂ ਵੀਡੀਓ ਗ੍ਰਾਫਿਕਸ ਦੇ ਰੂਪ ਵਿਚ ਸੂਚਨਾਵਾਂ ਵੀ ਹੋਣਗੀਆਂ।