ਕਿਸਾਨੀ ਮੁੱਦੇ ਨੂੰ ਲੈ ਕੇ ਲੋਕ ਸਭਾ ’ਚ ਜ਼ਬਰਦਸਤ ਹੰਗਾਮਾ, ਕਾਰਵਾਈ ਸ਼ਾਮ 7 ਵਜੇ ਤੱਕ ਮੁਲਤਵੀ

Tuesday, Feb 02, 2021 - 06:04 PM (IST)

ਕਿਸਾਨੀ ਮੁੱਦੇ ਨੂੰ ਲੈ ਕੇ ਲੋਕ ਸਭਾ ’ਚ ਜ਼ਬਰਦਸਤ ਹੰਗਾਮਾ, ਕਾਰਵਾਈ ਸ਼ਾਮ 7 ਵਜੇ ਤੱਕ ਮੁਲਤਵੀ

ਨਵੀਂ ਦਿੱਲੀ— ਵਿਵਾਦਾਂ ਨਾਲ ਘਿਰੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੰਗਲਵਾਰ ਨੂੰ ਲੋਕ ਸਭਾ ਦੀ ਕਾਰਵਾਈ ਸ਼ਾਮ 7 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ਵਿਚ ਨਾਅਰੇਬਾਜ਼ੀ ਕਰਨ ਦੀ ਥਾਂ ਨਹੀਂ ਹੈ। ਜੇਕਰ ਤੁਸੀਂ ਚਰਚਾ ਕਰਨੀ ਹੈ ਤਾਂ ਅਸੀਂ ਤਿਆਰ ਹਾਂ। ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਨੇ ਹੰਗਾਮਾ ਜਾਰੀ ਰੱਖਿਆ, ਜਿਸ ਕਾਰਨ ਸਦਨ ਦੀ ਕਾਰਵਾਈ ਸ਼ਾਮ 7 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 

ਲੋਕ ਸਭਾ ’ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ 150 ਤੋਂ ਵਧੇੇਰੇ ਕਿਸਾਨਾਂ ਦੀ ਜਾਨ ਚੱਲੀ ਗਈ। ਅਜਿਹਾ ਲੱਗਦਾ ਹੈ ਕਿ ਅਸੀਂ ਮੁੜ ਤੋਂ ਬਿ੍ਰਟਿਸ਼ ਕਾਲ ਵਿਚ ਜਾ ਰਹੇ ਹਾਂ। ਇਸ ’ਤੇ ਲੋਕ ਸਭਾ ਸਪੀਕਰ ਬਿਰਲਾ ਨੇ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਰਹੀ ਹੈ। ਉੱਥੇ ਹੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਸੰਸਦ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਤਿਆਰ ਹੈ। 

ਦਸ ਦੇਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਨਾਲ ਹੀ ਕਾਂਗਰਸ, ਤ੍ਰਿਣਮੂਲ ਅਤੇ ਦਰਮੁਕ ਦੇ ਮੈਂਬਰਾਂ ਨੇ ਸਪੀਕਰ ਦੇ ਆਸਨ ਨੇੜੇ ਆ ਕੇ ਨਾਅਰੇਬਾਜ਼ੀ ਕੀਤੀ। ਉੱਥੇ ਹੀ ਖੇਤੀ ਕਾਨੂੰਨਾਂ ਦਾ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਵਿਰੋਧ ਕਰਦੇ ਨਜ਼ਰ ਆਏ। 


author

Tanu

Content Editor

Related News