ਲੋਕ ਧਾਰਾ : ਰਾਜਸਥਾਨੀ ਕਹਾਣੀ ''ਚੋਰ ਦੀ ਦਾਸਤਾਨ''

Friday, May 08, 2020 - 03:03 PM (IST)

ਲੋਕ ਧਾਰਾ : ਰਾਜਸਥਾਨੀ ਕਹਾਣੀ ''ਚੋਰ ਦੀ ਦਾਸਤਾਨ''

ਕਿਸ਼ਤ – 1 

1. 
ਵਿਜੇਦਾਨ ਦੇਥਾ
ਅਨੁ. ਹਰਪਾਲ ਸਿੰਘ ਪੰਨੂ

ਆਦਮੀ ਦੇ ਗੁਣਾਂ ਦੀ ਪਤਾ ਨਹੀਂ ਕਦ ਪਛਾਣ ਹੋਵੇ, ਪਤਾ ਨਹੀਂ ਕਿਵੇਂ ਪਛਾਣ ਹੋਵੇ, ਪਛਾਣ ਕਰੇ ਕੌਣ? ਇਸ ਕਰਕੇ ਸਾਡੇ ਦੇਸ਼ ਵਿਚ ਭੇਖ ਦੀ ਪੂਜਾ ਹੁੰਦੀ ਹੈ, ਭੇਖ ਅੱਗੇ ਲੋਕ ਸਿਰ ਝੁਕਾ ਦਿੰਦੇ ਹਨ। ਪੈਰ ਛੂੰਹਦੇ ਹਨ। ਭੇਖ ਵਿਚ ਸਭ ਬੁਰਾਈਆਂ ਲੁਕ ਜਾਂਦੀਆਂ ਹਨ। ਭੇਖ ਆਦਮੀ ਦੇ ਗੁਣਾਂ ਦਾ ਅਜਿਹਾ ਸਬੂਤ ਕਿ ਦੇਖਣ ਸਾਰ ਅਨਪੜ੍ਹ ਵੀ ਪਛਾਣ ਲਏ। ਅਕਸਰ ਜਾਹਿਲ, ਵਿਹਲੜ, ਨਿਕੰਮੇ ਬੰਦੇ ਭਗਵਾਂ ਭੇਖ ਧਾਰਨ ਕਰ ਲੈਂਦੇ ਹਨ ਤਾਂ ਕਿ ਭੀਖ ਅਸਾਨੀ ਨਾਲ ਮਿਲ ਜਾਵੇ। ਭੇਖ ਸਦਕਾ ਠੱਗੀ ਮਾਰਨੀ ਸੌਖੀ ਹੋ ਜਾਂਦੀ ਹੈ। ਇਸ ਤੋਂ ਸੌਖੀ ਕਮਾਈ ਹੋਰ ਕੋਈ ਨਹੀਂ। ਬਿਨਾਂ ਪੈਸੇ ਖਰਚਿਆਂ ਵਪਾਰ। ਜਦ ਤੱਕ ਭੇਖ ਦੀ ਪੂਜਾ ਕਰਨ ਵਾਲੇ ਹਨ, ਇਸ ਧੰਦੇ ਵਿਚ ਬਰਕਤ ਹੀ ਬਰਕਤ। ਭੇਖ ਦੀ ਓਟ ਵਿਚ ਲੁਚੇ ਲਫੰਗੇ ਬੈਠੇ-ਬੈਠੇ ਖ਼ੂਬ ਕਮਾਈ ਕਰਦੇ ਹਨ, ਐਸ਼ ਕਰਦੇ ਹਨ। ਦੁੱਖ ਅਤੇ ਮੁਸੀਬਤ ਦੇ ਮਾਰੇ ਲੋਕ ਵੀ ਭੇਖ ਦੀ ਸ਼ਰਣ ਲੈ ਲੈਂਦੇ ਹਨ। ਦੁਖਿਆਰਿਆਂ ਵਾਸਤੇ ਭੇਖ ਸੁੱਖ ਸ਼ਾਂਤੀ ਦੀ ਛਾਂ ਬਣ ਜਾਂਦਾ ਹੈ। ਪੰਥਾਂ ਦੇ ਸੂਖ਼ਮ ਜਾਲਿਆਂ ਵਿਚ ਉਲਝੇ ਕਈ ਬੰਦੇ ਭੇਖ ਬਹਾਨੇ ਧਰਮ ਦੀ ਲਕੀਰ ਕੁਟਦੇ ਹਨ! ਇਸ ਕਰਕੇ ਦਵਾਈ ਦੀ ਬੰਦ ਸ਼ੀਸ਼ੀ ਅਤੇ ਗੰਜੀ ਖੋਪੜੀ ਦਾ ਕੋਈ ਇਤਬਾਰ ਨਹੀਂ। ਸਹੀ ਗਿਆਨੀਆਂ ਨੂੰ ਭੇਖ ਨਾਲ ਸੰਤੋਖ ਨਹੀਂ ਮਿਲਦਾ।

ਬਹੁਤ ਸਾਲ ਪਹਿਲਾਂ ਇਕ ਪਿੰਡ ਵਿਚ ਇਹੋ ਜਿਹੇ ਹੀ ਮਹਾਤਮਾ ਨੇ ਧੂਣੀ ਧੁਖਾ ਦਿੱਤੀ। ਨਾਲ ਹੱਟੇ ਕੱਟੇ ਮੁਸਟੰਡਿਆਂ ਦੀ ਟੋਲੀ। ਅਨਪੜ੍ਹ, ਮੂਰਖ, ਬੇਸਮਝ ਲੋਕ ਤੇ ਫਿਰ ਭਗਵਾਨ, ਆਤਮਾ,ਪਰਮਾਤਮਾ, ਮੁਕਤੀ ਵਿਚ ਪੂਰਾ ਯਕੀਨ। ਇਹੋ ਜਿਹੀ ਜਾਹਲ ਭੀੜ ਠੱਗਾਂ ਨੂੰ ਹੋਰ ਕਿੱਥੇ ਮਿਲੇਗੀ? ਬਗੈਰ ਸੋਚੇ ਸਮਝੇ ਜਿਹੜੇ ਚਰਨਾ ਵਿਚ ਸਿਰ ਨਿਵਾ ਦੇਣ, ਉਨ੍ਹਾਂ ਨੂੰ ਮੁੰਨਣ ਵਾਸਤੇ ਵਧੀਕ ਅਕਲ ਦੀ ਲੋੜ ਨਹੀਂ। ਸਿਰ ਹਿਲਾ ਹਿਲਾ ਕੇ ਪਤੰਗਿਆਂ ਨੂੰ ਦੀਵਾ ਬਥੇਰਾ ਕਹਿੰਦਾ ਹੈ ਨੇੜੇ ਨਾ ਆਉ, ਉਹ ਕਿੱਥੇ ਮੰਨਦੇ ਹਨ? ਕਈ ਸਾਲਾਂ ਤੋਂ ਉਸ ਭੇਖਧਾਰੀ ਮਹਾਤਮਾ ਨੂੰ ਧਰਮ ਦਾ ਅਜਿਹਾ ਹੀ ਚਸਕਾ ਲੱਗਿਆ ਹੋਇਆ ਸੀ। ਜਿਉਂ ਜਿਉਂ ਲੋਕਾਂ ਨੂੰ ਕਹਿੰਦਾ ਇੱਥੇ ਆ ਆ ਕੇ ਸਮਾਂ ਖ਼ਰਾਬ ਨਾ ਕਰੋ ਤਿਉਂ ਤਿਉਂ ਲੋਕ ਸਗੋਂ ਵੱਧ ਆਉਂਦੇ। ਬਥੇਰਾ ਆਖਦਾ ਮੇਰੇ ਚੇਲੇ ਨਾ ਬਣੋ, ਤਾਂ ਵੀ ਉਸਦੇ ਆਸਣ ਅੱਗੇ ਚੇਲੇ ਬਣਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ।

ਉਹ ਬਾਰ ਬਾਰ ਕਹਿੰਦਾ- ਭਲੇ ਮਾਣਸੋ ਮੈਂ ਕੋਈ ਸਿੱਧ ਨਹੀਂ। ਇਸ ਭੇਖ ਦਾ ਰੰਗ ਮੈਨੂੰ ਚੰਗਾ ਲੱਗ ਬੱਸ, ਸਹੀ ਮੰਨੋ, ਹੋਰ ਕੋਈ ਗੱਲ ਨਹੀਂ। ਮੈਂ ਤਾਂ ਰਮਤਾ ਜੋਗੀ ਹਾਂ, ਪੈਰ ਚੱਕਰ ਹੈ, ਥਾਂ ਥਾਂ ਭਟਕਣਾ ਪੈਂਦਾ ਹੈ। ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕਰਨ ਦਿਉ। ਮੈਂ ਤੁਹਾਡੇ ਕੰਮ ਵਿਚ ਵਿਘਨ ਨੀਂ ਪਾਉਂਦਾ, ਤੁਸੀਂ ਮੇਰੇ ਕੰਮ ਵਿਚ ਵਿਘਨ ਕਿਉਂ ਪਾਉਂਦੇ ਹੋ? 

ਇਹੋ ਜਿਹੀ ਗੱਲ ਸੁਣਨ ’ਤੇ ਮੰਨ ਜਾਣ, ਫਿਰ ਭਗਤ ਕਾਹਦੇ ਹੋਏ! ਅਜਿਹੇ ਪੂਜਨੀਕ ਮਹਾਤਮਾ ਦੇ ਦਰਸ਼ਣ ਕਿਸਮਤ ਨਾਲ ਹੁੰਦੇ ਹਨ! ਚੇਲੇ ਬਣਨ ਵਾਸਤੇ ਤਾਂਤਾ ਲੱਗ ਪਿਆ। ਇਕ ਜਾਂਦਾ, ਇੱਕੀ ਆਉਂਦੇ। ਇਸ ਮਹਾਤਮਾ ਵਿਚ ਇਕ ਗੁਣ ਹੋਰ ਵੀ ਸੀ। ਕਿਸੇ ਨੂੰ ਆਪਣਾ ਚੇਲਾ ਮੰਨਣ ਤੋਂ ਪਹਿਲਾਂ ਉਹ ਕੋਈ ਚੀਜ਼ ਜ਼ਰੂਰ ਛੁਡਵਾਉਂਦਾ। ਕਿਸੇ ਨੇ ਵਤਾਊਂ ਖਾਣਾ ਛੱਡਿਆ, ਕਿਸੇ ਨੇ ਗੰਢੇ, ਕਿਸੇ ਨੇ ਤੋਰੀ, ਕਿਸੇ ਨੇ ਕੱਦੂ, ਕਿਸੇ ਨੇ ਕੱਕੜੀ। ਕਈਆਂ ਨੇ ਦੁੱਧ, ਦਹੀਂ, ਅੰਬਚੂਰ ਦਾ ਪਰਹੇਜ਼ ਰੱਖਣ ਦੀ ਸਹੁੰ ਖਾਧੀ। ਕਿਸੇ ਨੇ ਕਿਹਾ ਅੱਗੋਂ ਤੋਂ ਰਾਤ ਦਾ ਖਾਣਾ ਨਹੀਂ ਖਾਊਂਗਾ। ਕਿਸੇ ਨੇ ਨਮਕ ਛੱਡਿਆ 

2.

ਕਿਸੇ ਨੇ ਮਿੱਠਾ ਪਰ ਤਮਾਕੂ, ਭੰਗ, ਗਾਂਜਾ, ਅਫੀਮ ਅਤੇ ਦਾਰੂ ਮੀਟ ਛੱਡਣ ਵਾਲੇ ਘੱਟ ਸਨ, ਬਹੁਤ ਘੱਟ।

ਉਸ ਪਿੰਡ ਵਿਚ ਇਕ ਨਾਮਵਰ ਚੋਰ ਰਹਿੰਦਾ ਸੀ। ਰਾਤ ਨੂੰ ਕੰਮ ਕਰਿਆ ਕਰਦਾ, ਦਿਨ ਵਿਚ ਸੌਂਦਾ। ਚੇਲੇ ਮੁੰਨਣ ਦਾ ਰੌਲਾ ਰੱਪਾ ਬਹੁਤ ਵਧ ਗਿਆ ਤਾਂ ਉਸਦੇ ਪੈਰਾਂ ਵਿਚ ਵੀ ਕੀੜੀਆਂ ਲੜਨ ਲੱਗੀਆਂ। ਇਕ ਦਿਨ ਲੇਟਿਆਂ ਲੇਟਿਆਂ ਉਸ ਦੇ ਮਨ ਵਿਚ ਆਇਆ ਕਿ ਮਹਾਤਮਾ ਨਾਲ ਸ਼ੁਗਲ ਮੇਲਾ ਕਰੀਏ। ਅੱਖਾਂ ਮਸਲਦਾ ਮਸਲਦਾ ਦੁਪਹਿਰੇ ਉਠਿਆ, ਸਿੱਧਾ ਮਹਾਤਮਾ ਦੇ ਆਸਣ ’ਤੇ ਚਲਾ ਗਿਆ। ਉਸ ਵੇਲੇ ਚੇਲਿਆਂ ਦੀ ਭੀੜ ਘੱਟ ਸੀ। ਮਹਾਤਮਾ ਦੇ ਚਰਨ ਛੂਹੇ, ਬੋਲਿਆ-ਮਹਾਰਾਜ ਮੈਨੂੰ ਵੀ ਆਪਣਾ ਚੇਲਾ ਥਾਪ ਲਉ। ਮਹਾਤਮਾ ਨੇ ਕਿਹਾ- ਮੇਰਾ ਅਸੂਲ ਤਾਂ ਤੈਨੂੰ ਪਤਾ ਹੋਣਾ। ਕੁਝ ਛੱਡਣ ਦੇ ਵਚਨ ਤੋਂ ਬਿਨਾਂ ਮੈਂ ਕਿਸੇ ਨੂੰ ਚੇਲਾ ਨਹੀਂ ਬਣਾਉਂਦਾ।

-ਕਿਸੇ ਨੂੰ ਗੁਰੂ ਬਣਾਉਣਾ ਛੱਡਾਂ ਤਾਂ ਚੇਲਾ ਬਣਾ ਲਉਗੇ?

ਹਜ਼ਾਰਾਂ ਚੇਲੇ ਮੁੰਨੇ, ਇਹੋ ਜਿਹਾ ਸਿਰ ਫਿਰਿਆ ਨਹੀਂ ਕੋਈ ਟੱਕਰਿਆ। ਉਸਨੂੰ ਲੱਗਾ ਜਿਵੇਂ ਕਿਸੇ ਨੇ ਸਿਰ ਉੱਪਰ ਜੁੱਤਾ ਮਾਰਿਆ ਹੋਵੇ। ਪਰ ਉਹ ਕਿਹੜਾ ਘੱਟ ਚਲਾਕ ਸੀ? ਜੇ ਇਹੋ ਜਿਹੇ ਐਰੇ ਗੈਰੇ ਮਾਤ ਦੇ ਗਏ ਫਿਰ ਤਾਂ ਗਏ ਸਮਝੋ। ਆਪਾ ਸੰਭਾਲ ਕੇ ਅਗਲੇ ਹੀ ਪਲ ਮੁਸਕਾਂਦਿਆਂ ਕਿਹਾ- ਬੇਟੇ ਫੇਰ ਤੈਨੂੰ ਚੇਲਾ ਬਣਨ ਦੀ ਲੋੜ ਹੀ ਕੀ? 

ਮੇਰੀ ਲੋੜ ਕੀ ਹੈ ਉਹ ਮੈਂ ਜਾਣਦਾ ਹਾਂ। ਬਹੁਤਿਆਂ ਨੇ ਇਕ ਚੀਜ਼ ਛੱਡੀ ਪਰ ਮੈਂ ਤੁਹਾਡੇ ਸਾਹਮਣੇ ਚਾਰ ਚੀਜ਼ਾਂ ਛੱਡਦਾ ਹਾਂ। ਪਹਿਲੀ- ਕਦੀ ਰਾਣੀ ਦੀ ਸੇਜ ਉੱਪਰ ਨਹੀਂ ਸੋਵਾਂਗਾ, ਦੂਜੇ ਸੋਨੇ ਦੇ ਥਾਲ ਵਿਚ ਖਾਣਾ ਨਹੀਂ ਖਾਊਂਗਾ, ਤੀਜੇ ਸੋਨੇ ਦੇ ਹੌਦੇ ਉੱਪਰ ਬੈਠ ਕੇ ਹਾਥੀ ਦੀ ਸਵਾਰੀ ਨਹੀਂ ਕਰਾਂਗਾ ਤੇ ਚੌਥੀ ਸਭ ਤੋਂ ਵੱਡੀ ਗੱਲ, ਇਸ ਜਨਮ ਵਿਚ ਰਾਜਗੱਦੀ ’ਤੇ ਨਹੀਂ ਬੈਠਾਂਗਾ। ਹੁਣ ਤਾਂ ਚੇਲਾ ਮੁੰਨ ਲਵੋ!

ਮਹਾਤਮਾ ਜਲ ਭੁੱਜ ਕੇ ਰਾਖ ਹੋ ਗਿਆ ਪਰ ਕਰਦਾ ਤਾਂ ਕੀ ਕਰਦਾ? ਮਾਰਖੰਡਾਹੀ ਤੋਂ ਮਾਰਖੰਡਾਹੀ ਮੱਝ ਵੀ ਪੁਚਕਾਰਨ ਨਾਲ ਕਿੱਲੇ ਉੱਤੇ ਬੰਨ੍ਹੀ ਜਾਂਦੀ ਹੈ। ਫਿਰ ਬੰਦਾ ਵੀ ਤਾਂ ਮੱਝ ਤੋਂ ਵੱਡਾ ਨਹੀਂ! ਇਸਨੂੰ ਸਬਕ ਸਿਖਾਉਣਾ ਪਏਗਾ। ਕ੍ਰੋਧ ਕਰਨ ਨਾਲ ਤਾਂ ਆਪਣਾ ਈ ਨੁਕਸਾਨ! ਨਾ ਚਾਹੁੰਦਿਆਂ ਹੋਇਆਂ ਮੁਸਕਰਾ ਕੇ ਬੋਲਿਆ- ਤੇਰੇ ਵਰਗਾ ਕੋਈ ਚੇਲਾ ਅੱਜ ਤੱਕ ਨਹੀਂ ਟੱਕਰਿਆ। ਤੇਰਾ ਗੁਰੂ ਹੋਣ ਨਾਲ ਮੇਰਾ ਵੀ ਮਾਣ ਵਧੇਗਾ। ਚਾਰ ਚੀਜ਼ਾਂ ਤੂੰ ਮਨਮਰਜ਼ੀ ਦੀਆਂ ਛੱਡੀਆਂ, ਇਕ ਮੇਰੇ ਕਹੇ ਤੇ ਵੀ ਛੱਡ।

-ਕਿਉਂ ਨਹੀਂ? ਫਰਮਾਉ, ਛੱਡਾਂਗਾ। ਤੁਹਾਡਾ ਹੁਕਮ ਹੋ ਜਾਏ ਤਾਂ ਸਾਹ ਲੈਣਾ ਛੱਡ ਦਿਆਂ, ਫਿਰ ਵੀ ਨਾ ਮਰਾਂ!

ਇਹ ਚੇਲਾ ਤਾਂ ਅਜਬ! ਮਹਾਤਮਾ ਦੇ ਮੱਥੇ ਉੱਪਰ ਤਿਉੜੀਆਂ ਉਭਰ ਆਈਆਂ। ਗੁੱਸਾ ਤਾਂ ਏਨਾ ਆਇਆ ਜੀ ਕੀਤਾ ਚੰਡਾਲ ਨੂੰ ਪ੍ਰਾਣ ਛੱਡਣ ਲਈ ਆਖ ਹੀ ਦਿਆਂ ਪਰ ਲੋਕ ਕੀ ਕਹਿਣਗੇ। ਅਜੇ ਠੱਗੀ ਚਲਦੀ ਰੱਖਣੀ ਹੈ। ਅਜੇ ਭੋਗਿਆ ਹੈ ਵੀ ਕੀ? ਧੂਣੀ ਤਪਾਈ ਹੈ ਬਸ। ਸੋਚਣ ਲੱਗਾ-ਕੀ ਚੀਜ਼ ਛੁਡਾਈ ਜਾਵੇ ਕਿ ਇਸ ਦੀ ਸਾਰੀ ਹੈਂਕੜ ਜਾਂਦੀ ਰਹੇ? ਏਨੇ ਸਾਲ ਹੋ ਗਏ ਸਨਿਆਸ ਲਏ ਨੂੰ, ਕਈ ਮਹਾਤਮਾ ਦੇਖੇ, ਝੂਠ ਤੋਂ ਬਿਨਾਂ ਕਿਸੇ ਦਾ ਵੀ ਕੰਮ ਨਹੀਂ ਚੱਲਦਾ। ਫਿਰ ਵਿਚਾਰੇ ਗ੍ਰਹਿਸਤੀ ਝੂਠ ਬੋਲਣ ਤੋਂ ਕਿਵੇਂ ਹਟ ਸਕਦੇ ਹਨ? ਜਾਂ ਤਾਂ ਇਹ ਝੂਠ ਛੱਡਣ ਦਾ ਪ੍ਰਣ ਕਰੇਗਾ ਨਹੀਂ। 

3.
ਕਰੇਗਾ ਤਾਂ ਤੋਬਾ ਹੋ ਜਾਏਗੀ ਇਕ ਦਿਨ ਵਿਚ ਹੀ। ਸਾਧੂ ਨੇ ਕਿਹਾ- ਇਨ੍ਹਾਂ ਚਾਰ ਵਚਨਾਂ ਦੇ ਨਾਲ-ਨਾਲ ਝੂਠ ਬੋਲਣ ਦਾ ਪ੍ਰਣ ਕਰ ਲਵੇਂ ਤਾਂ ਸੋਨੇ ਵਿਚੋਂ ਸੁਗੰਧੀ ਆਉਣ ਲੱਗੇ।

ਇਹ ਪੱਠਾ ਚੋਰ ਏਨਾ ਸਖ਼ਤ ਜਾਨ ਕਿ ਬੋਲਿਆ- ਸੋਨੇ ਵਿਚੋਂ ਸੁਗੰਧੀ ਨਿਕਲੇ ਕਿ ਨਾ, ਇਹ ਤੁਸੀਂ ਜਾਣੋ ਪਰ ਅੱਜ ਸਹੁੰ ਖਾਂਦਾ ਹਾਂ ਝੂਠ ਨਹੀਂ ਬੋਲਾਂਗਾ ਕਦੀ।

-ਦੇਖ ਝੂਠ ਬੋਲ ਦਿੱਤਾ ਹੁਣ ਕਦੀ, ਫੇਰ ਮੇਰੀ ਵੀ ਬਦਨਾਮੀ ਹੋਏਗੀ। ਸੋਚ ਸਮਝ ਕੇ ਵਾਅਦਾ ਨਿਭਾਈਂ। ਝੂਠ ਛੱਡ ਦੇਣਾ ਹਾਸਾ ਮਜ਼ਾਕ ਨਹੀਂ।

ਛਾਤੀ ਤੇ ਹੱਥ ਮਾਰ ਕੇ ਚੋਰ ਬੋਲਿਆ- ਭੋਰਾ ਫਿਕਰ ਨਾ ਕਰੋ। ਕਿਸੇ ਹੋਰ ਵਜਾ ਸਦਕਾ ਤੁਹਾਡੀ ਬਦਨਾਮੀ ਹੋਵੇ ਸੋ ਤੁਹਾਡੀ ਜ਼ਿੰਮੇਵਾਰੀ ਪਰ ਮੇਰੇ ਕਰਕੇ ਤੁਹਾਡੀ ਇੱਜ਼ਤ ਨੂੰ ਸੇਕ ਨਹੀਂ ਲੱਗੇਗਾ। ਸਾਡੀ ਚੋਰਾਂ ਦੀ ਕਿਹੜਾ ਕੋਈ ਇੱਜ਼ਤ ਹੋਇਆ ਕਰਦੀ ਹੈ, ਇਸ ਕਰਕੇ ਇੱਜ਼ਤ ਚਲੀ ਜਾਣ ਦਾ ਕੋਈ ਖ਼ਤਰਾ ਨੀ ਹੁੰਦਾ। ਇੱਜ਼ਤ ਤਾਂ ਅਸੀਂ ਚੋਰ, ਮਾਂ ਦੇ ਪੇਟ ਵਿਚ ਹੀ ਛੱਡ ਆਇਆ ਕਰਦੇ ਹਾਂ। ਜਦੋਂ ਦਾ ਬੋਲਣਾ ਸਿੱਖਿਆ ਹਾਂ ਝੂਠ ਅਤੇ ਝੂਠ ਬੋਲਿਆ। ਇਕ ਇਕ ਝੂਠ ਹਜ਼ਾਰ ਝੂਠਾਂ ਜਿੰਨਾ ਵਜਨਦਾਰ ਹੁੰਦਾ ਤਾਂ ਵੀ ਕੋਈ ਸੁੱਖ ਨਹੀਂ ਦੇਖਿਆ। ਜਦੋਂ ਮੈਂ ਕੁਝ ਬੋਲਿਆ, ਸੋ ਝੂਠ, ਜੋ ਨਾ ਬੋਲਿਆ, ਉਹ ਸੱਚ। ਬਦਲਣ ਵਾਸਤੇ ਬਸ ਇਨੀ ਕੁ ਗੱਲ ਹੈ ਹੁਣ ਕਿ ਅੱਜ ਤੋਂ ਬਾਅਦ ਜੋ ਬੋਲਾਂ ਸੋ ਸੱਚ, ਜੋ ਨਾ ਬੋਲਾਂ ਸੋ ਝੂਠ। ਤੁਸੀਂ ਤਾਂ ਇਹੋ ਵਾਅਦਾ ਲਿਆ ਹੈ ਨਾ ਕਿ ਮੈਂ ਮੂੰਹੋਂ ਝੂਠ ਨਾ ਬੋਲਾਂ?

ਬੇਸ਼ੱਕ ਦਿਲ ਨਹੀਂ ਕਰਦਾ ਸੀ, ਮਹਾਤਮਾ ਨੂੰ ਇਹ ਚੇਲਾ ਵੀ ਮੁੰਨਣਾ ਪੈ ਗਿਆ। ਮਹਾਤਮਾ ਨੇ ਉਸ ਦੇ ਸੱਜੇ ਹੱਥ ਉੱਪਰ ਖੰਮਣੀ ਬੰਨ੍ਹੀ ਤੇ ਚੋਰ ਨੇ ਗੁਰੂ ਨੂੰ ਨਾਰੀਅਲ ਭੇਟ ਕੀਤਾ। ਇਕ ਨਾਰੀਅਲ ਦੇ ਕੇ ਗੁਰੂ ਮਿਲ ਜਾਏ ਮਹਿੰਗਾ ਸੌਦਾ ਨਹੀਂ।

ਝੂਠ ਬਗੈਰ ਤਾਂ ਬਾਣੀਏਂ ਦੀ ਦੁਕਾਨ ਨਾ ਚੱਲੇ, ਉਹ ਤਾਂ ਹੋਇਆ ਚੋਰ! ਪਰ ਧੰਦਾ ਤਾਂ ਕਰਨਾ ਹੀ ਹੈ। ਵਪਾਰ ਵਾਸਤੇ ਮਹਾਜਨ ਪਰਦੇਸ ਜਾਇਆ ਕਰਦੇ ਹਨ, ਮੈਂ ਵੀ ਪਰਦੇਸ ਚੱਲਾਂ। ਟੁੱਟੇ ਛਿੱਤਰ, ਫਟੇ ਕੱਪੜੇ ਪਹਿਨੀ ਚੱਲ ਪਿਆ। ਚਲੋ ਚਾਲ ਚਲੋ ਚਾਲ ਨਵੀਂ ਰਿਆਸਤ ਵਿਚ ਪੁੱਜ ਗਿਆ। ਸ਼ਾਮ ਪੈ ਗਈ, ਹਨੇਰਾ ਪੈਣ ਲੱਗਾ। ਮੰਦਰ ਵਿਚ ਜਿਧਰੋਂ ਆਰਤੀ ਦੀ ਆਵਾਜ਼ ਸੁਣੀ ਉਧਰ ਤੁਰ ਪਿਆ। ਆਰਤੀ ਪਿੱਛੋਂ ਭਗਤ ਆਪੋ ਆਪਣੇ ਘਰੀਂ ਚਲੇ ਗਏ, ਉਹ ਭਗਵਾਨ ਦੀ ਮੂਰਤੀ ਸਾਹਮਣੇ ਖਲੋਤਾ ਰਿਹਾ। ਹੋਰ ਕਿੱਥੇ ਰਹੇ, ਮੰਦਰ ਵਿਚ ਰਾਤ ਕੱਟਣੀ ਹੈ। ਭਗਵਾਨ ਦੀ ਸੂਰਤ ਘੱਟ, ਸੋਨੇ ਚਾਂਦੀ ਦੇ ਪਹਿਨਾਏ ਗਹਿਣੇ ਵਧੀਕ ਸੁਹਣੇ ਲੱਗੇ। ਭਗਵਾਨ ਵਾਸਤੇ ਤਾਂ ਜਿਹੋ ਜਿਹੇ ਕੰਕਰ ਉਹੋ ਜਿਹੇ ਹੀਰੇ। ਇਹੋ ਜਿਹੇ ਭੇਦ ਬੰਦਾ ਕਰਿਆ ਕਰਦਾ ਹੈ।

ਪੁਜਾਰੀ ਨੇ ਨਵਾਂ ਭਗਤ ਦੇਖਿਆ। ਫਟੇ ਕੱਪੜੇ, ਫਿੱਡੇ ਜੁੱਤੇ, ਮਗਨ ਹੋ ਕੇ ਮੂਰਤੀ ਵੱਲ ਦੇਖੀ ਜਾ ਰਿਹਾ ਹੈ! ਪੁੱਛਿਆ- ਕੌਣ ਹੋ ਭਾਈ ਤੁਸੀਂ, ਕਦੇ ਦੇਖੇ ਨਹੀਂ? ਚੌਂਕ ਕੇ ਪੁਜਾਰੀ ਵੱਲ ਦੇਖਿਆ, ਕਿਹਾ- ਚੋਰ ਹਾਂ, ਪਹਿਲੀ ਵਾਰ ਇਸ ਪਿੰਡ ਆਇਆਂ।

ਪੁਜਾਰੀ ਮੁਸਕਾਇਆ, ਪੁੱਛਿਆ- ਚੋਰ ਦਾ ਮੰਦਰ ਵਿਚ ਕੀ ਕੰਮ?

-ਚੋਰੀ। ਚੋਰ ਦਾ ਹੋਰ ਕੀ ਕੰਮ ਹੋਇਆ ਕਰਦੈ?

-ਕਮਲੇ ਮੇਰੇ ਸਾਹਮਣੇ ਕਿਉਂ ਝੂਠ ਬੋਲ ਰਿਹੈਂ! ਪੰਜਾਹ ਸਾਲ ਤੋਂ ਇੱਥੇ ਪੁਜਾਰੀ ਹਾਂ। ਘਟ ਘਟ ਦੀ ਤਾਂ ਅੰਤਰਜਾਮੀ ਜਾਣਦਾ ਹੈ ਪਰ ਮੈਂ ਵੀ ਬੰਦਾ ਕੁ ਬੰਦਾ ਤਾਂ ਪਛਾਣ ਲੈਨਾ। ਕੁੱਟ ਖਾਕੇ ਵੀ ਚੋਰ ਤਾਂ ਸੱਚ ਨਹੀਂ ਬੋਲਦੇ! ਤੂੰ ਜ਼ਰੂਰ ਕੋਈ ਅਘੋੜੀ ਭਗਤ ਹੈ, ਮੇਰੀ ਪਰਖ ਕਰਨ ਆਇਐਂ। 

4.
ਮੈਨੂੰ ਪਰਖ ਦਾ ਕੋਈ ਡਰ ਨਹੀਂ, ਖਰਾ ਉਤਰਾਂਗਾ। ਦੇਖ ਤੇਰੀਆਂ ਗੱਲਾਂ ਸੁਣ ਕੇ ਭਗਵਾਨ ਮੁਸਕਰਾ ਰਿਹਾ ਹੈ।

ਧਿਆਨ ਨਾਲ ਚੋਰ ਨੇ ਪੁਜਾਰੀ ਵੱਲ ਦੇਖਿਆ, ਸਫ਼ੈਦ ਦਾਹੜੀ, ਖਾਲੀ ਮੂੰਹ, ਚੰਦਨ ਦਾ ਤਿਲਕ, ਗਲ ਰੁਦਰਾਖ ਦੀ ਮਾਲਾ। ਪੁਜਾਰੀ ਨੂੰ ਕਿਹਾ- ਮੰਨ ਨਾ ਮੰਨ ਤੇਰੀ ਮਰਜ਼ੀ, ਹਾਂ ਤਾਂ ਚੋਰ, ਮੇਰੀ ਗੱਲ ਸੁਣਕੇ ਭਗਵਾਨ ਮੁਸਕਾਏ, ਭਗਵਾਨ ਦੀ ਮਰਜ਼ੀ। ਇੱਥੇ ਰਾਤ ਕੱਟਣੀ ਚਾਹੁੰਦਾ ਹਾਂ, ਆਗਿਆ ਮਿਲੇਗੀ?

ਪੁਜਾਰੀ ਨੇ ਤਾਂ ਉਸਨੂੰ ਜੱਫੀ ਵਿਚ ਲੈ ਲਿਆ, ਅੱਖਾਂ ਛਲਕੀਆਂ, ਭਰੇ ਗਲੇ ਨਾਲ ਬੋਲਿਆ-ਦੀਨ ਬੰਧੂ, ਅੱਜ ਮੇਰੀ ਭਗਤੀ ਸਫ਼ਲ ਹੋ ਗਈ। ਆਪ ਨੇ ਇਸ ਰੂਪ ਵਿਚ ਦਰਸ਼ਨ ਦਿੱਤੇ! ਅੱਖਾਂ ਦੀ ਨਜ਼ਰ ਕੁਝ ਮੱਠੀ ਪੈ ਗਈ ਫੇਰ ਕੀ ਹੋਇਆ, ਮਨ ਦੀਆਂ ਅੱਖਾਂ ਤਾਂ ਖੁੱਲ੍ਹੀਆਂ ਨੇ। ਤੁਹਾਡਾ ਕੀ ਖ਼ਿਆਲ ਹੈ ਪਛਾਣਦਾ ਨਹੀਂ?

ਬੜੀ ਮੁਸ਼ਕਲ ਨਾਲ ਚੋਰ ਨੇ ਹਾਸਾ ਰੋਕਿਆ। ਦੇਹਧਾਰੀ ਸਾਖਿਆਤ ਪਰਮਾਤਮਾ ਦੇ ਭਰੋਸੇ ਮੰਦਰ ਛੱਡ ਕੇ ਪੁਜਾਰੀ ਪਿਛਵਾੜੇ ਕੋਠੜੀ ਵਿਚ ਜਾ ਸੁੱਤਾ। ਭਗਤਾਂ ਨੇ ਸ਼ਰਧਾਵਸ ਬੜੇ ਹੀਰੇ ਮੋਤੀ ਚੜ੍ਹਾਏ ਹੋਏ ਸਨ। ਅੱਜ ਦੇਰ ਬਾਅਦ ਭਗਵਾਨ ਨੇ ਮਨਜ਼ੂਰ ਕੀਤੇ! ਦੇਖਦੇ ਆਂ ਭਗਵਾਨ ਵਲੋਂ ਕਬੂਲ ਕੀਤਾ ਪ੍ਰਸ਼ਾਦ ਚੜ੍ਹਾਵਾ ਘਟਦਾ ਹੈ ਕਿ ਵਧਦਾ...!

ਇਹ ਚੋਰ ਏਡਾ ਮਾਹਿਰ ਸੀ ਕਿ ਸੁੱਤੇ ਬੰਦੇ ਦੇ ਕੱਪੜੇ ਉਤਾਰ ਲਵੇ। ਫੇਰ ਪਿੱਛੇ ਮੁੜ ਕੇ ਕੀ ਦੇਖਣਾ, ਕੀ ਛੱਡਣਾ! ਚੋਰੀ ਦਾ ਮਜ਼ਾ ਤਾਂ ਨਹੀਂ ਬਹੁਤਾ ਆਇਆ ਪਰ ਆਪੇ ਮਾਇਆ ਖੂਬ ਹੱਥ ਲੱਗੀ। ਹੀਰੇ, ਮੋਤੀ, ਸੋਨੇ ਦਾ ਛਤਰ। ਸੱਚ ਬੋਲਣ ਨਾਲ ਵਾਰੇ ਕੇ ਨਿਆਰੇ ਹੋ ਗਏ! ਸਾਰੀ ਉਮਰ ਬੇਹਿਸਾਬ ਝੂਠ ਬੋਲਿਆ, ਮਿਲਿਆ ਕੀ? ਦੁਖ। ਰੋਟੀਆਂ ਦੇ ਵੀ ਮੁਥਾਜ। ਕੁਟ ਕੁਟ ਲੋਕ ਭੜਥਾ ਬਣਾ ਦਿੰਦੇ ਪਰ ਇਕ ਵਾਰ ਨਾਂਹ ਕਹਿ ਦਿੱਤੀ, ਫਿਰ ਹਾਂ ਨਹੀਂ ਕਹੀ।

ਪਰਦੇਸ ਵਿਚ ਏਨੀ ਆਮਦਨ ਹੁੰਦੀ ਹੈ ਤਾਂ ਹੀ ਤਾਂ ਮਹਾਜਨ ਪੀੜ੍ਹੀਆਂ ਦਾ ਠਿਕਾਣਾ ਛੱਡ ਕੇ ਬੇਝਿਜਕ ਚਲੇ ਜਾਂਦੇ ਨੇ। ਦਿਨ ਚੜ੍ਹਨ ਵਿਚ ਪਹਿਰ ਰਹਿੰਦੇ ਮੰਦਰ, ਭਗਵਾਨ ਅਤੇ ਪੁਜਾਰੀ ਨੂੰ ਆਪਣੇ ਹਾਲ ’ਤੇ ਛੱਡ ਕੇ ਚੋਰ ਤੁਰਦਾ ਬਣਿਆ।

ਘਰ ਆ ਕੇ ਆਪਣੇ ਹੱਥੀਂ ਆਪ ਸੋਨੇ ਦਾ ਛਤਰ ਪੰਘਰਾ ਕੇ ਸੋਨੇ ਦਾ ਗੋਲਾ ਬਣਾ ਲਿਆ। ਝਾੜੀ ਦੀ ਨਿਸ਼ਾਨੀ ਕਰਕੇ ਖੇਤ ਵਿਚ ਹੀਰੇ ਮੋਤੀ ਜੜਿਆ ਕਲਸ਼ ਟੋਆ ਪੁੱਟ ਕੇ ਦੱਬ ਦਿੱਤਾ। ਸੋਨੇ ਦਾ ਗੋਲਾ ਲੈ ਕੇ ਸਿੱਧਾ ਸੁਨਿਆਰ ਕੋਲ ਗਿਆ।ਉਜਰਤ ਵਜੋਂ, ਸੁਨਿਆਰ ਨੂੰ ਡਲੇ ਵਿਚੋਂ ਹਿੱਸਾ ਦੇ ਕੇ ਆਪਣੇ ਵਾਸਤੇ ਸੱਤਲੜੀ ਹਾਰ, ਮੁਰਕੀਆਂ, ਕੜਾ, ਹੀਰੇ ਜੜਿਤ ਅੰਗੂਠੀ ਬਣਵਾਈ। ਫੇਰ ਦਰਜੀ ਤੋਂ ਠਾਠਦਾਰ ਕੱਪੜੇ ਸਿਲਵਾਏ। ਠਾਕੁਰ ਤੋਂ ਪੰਜ ਹਜ਼ਾਰ ਰੁਪਇਆਂ ਦਾ ਅਰਬੀ ਘੋੜਾ
ਖ਼ਰੀਦਿਆ।

ਮਾਇਆ ਦੀ ਲੀਲਾ ਨਿਆਰੀ। ਮਾੜਾ ਮੋਟਾ ਸ਼ੱਕ ਹੁੰਦਾ, ਪਹਿਲਾਂ ਲੋਕ ਪੁੱਛਿਆ ਕਰਦੇ ਕਿੱਥੇ ਹੱਥ ਮਾਰਿਆ? ਚੰਗੀ ਤਰ੍ਹਾਂ ਜਾਣਦੇ ਸਨ ਕਿ ਮਰ ਜਾਏਗਾ ਸੱਚ ਨਹੀਂ ਦੱਸੇਗਾ। ਤਾਂ ਵੀ ਕੁਟ ਕੁਟ ਕੀਮਾ ਬਣਾ ਦਿੰਦੇ। ਅੱਜ ਉਹ ਸੱਚ ਬੋਲਣ ਵਾਸਤੇ ਤਿਆਰ, ਕੋਈ ਪੁੱਛਣ ਲਈ ਤਿਆਰ ਨਹੀਂ! ਸੋਨੇ ਵਰਗੀ ਚਮਕ ਤਾਂ ਸੂਰਜ ਦੀ ਨਹੀਂ ਹੁੰਦੀ! ਇੰਨਾ ਮਾਲ ਪੱਤਾ ਕਿਤੇ ਚੋਰੀ ਦਾ ਹੋਇਆ ਕਰਦੈ? ਜ਼ਰੂਰ ਸੱਟੇ ਵਿਚ ਕਾਮਯਾਬੀ ਮਿਲੀ ਹੈ! 

ਕੁਝ ਦਿਨ ਮੌਜ ਮਸਤੀ ਕੀਤੀ, ਫਿਰ ਅਰਬੀ ਘੋੜੇ ਦੀ ਕਾਠੀ, ਤੰਗੜ ਪੱਟੀ ਕਸੀ। ਹੱਥ ਵਿਚ ਸੋਨੇ ਦੀ ਛਟੀ ਫੜੀ ਤੇ ਤੁਰ ਪਿਆ ਪਰਦੇਸ ਵੱਲ। ਵਧੀਆ ਘੋੜਾ ਹੋਵੇ, ਸਫ਼ਰ ਮੁੱਕਣ ਵਿਚ 

PunjabKesari

5.
ਕੀ ਦੇਰ ਲੱਗਣੀ ਹੋਈ? ਵੱਡੇ ਸ਼ਹਿਰ ਆਰਾਮ ਕਰਕੇ ਅਗਲੇ ਸ਼ਹਿਰ ਤੁਰਿਆ। ਸ਼ਾਮ ਪੈਣ ’ਤੇ ਨਗਰ ਸੇਠ ਦੀ ਹਵੇਲੀ ਪੁੱਜਾ। ਐਸੀ ਵੈਸੀ ਥਾਂ ਕੀ ਹੱਥ ਪਾਉਣਾ? ਵੱਡੀ ਹਵੇਲੀ, ਵੱਡਾ ਮਾਲ!

ਦਿਨ ਛਿਪਣ ਤੋਂ ਪਹਿਲਾਂ ਹੀ ਅੰਨਪਾਣੀ ਖਾ ਪੀ ਕੇ ਸੇਠ ਵਾਪਸ ਬੈਠਕ ਵਿਚ ਆ ਗਿਆ ਸੀ। ਅਜੇ ਪਲੰਘ ’ਤੇ ਲੇਟਿਆ ਹੀ ਸੀ ਕਿ ਘੋੜਾ ਹਿਣਕਣ ਦੀ ਆਵਾਜ਼ ਸੁਣ ਕੇ ਉੱਠਿਆ, ਪੁੱਛਿਆ ਕੌਣ ਹੋ?

-ਚੋਰ...।

ਇਹ ਸ਼ਬਦ ਸੁਣਨਸਾਰ ਸੇਠ ਦੇ ਹੋਸ਼ ਉੱਡ ਗਏ। ਹੜਬੜਾ ਕੇ ਉੱਠਿਆ। ਦਮੇ ਦਾ ਮਰੀਜ਼ ਹੋਣ ਕਰਕੇ ਚੀਕਾਂ ਨਾ ਮਾਰ ਸਕਿਆ ਪਰ ਜਦੋਂ ਚੋਰ ਦਾ ਹੁਲੀਆ ਦੇਖਿਆ, ਸਾਹ ਵਿਚ ਸਾਹ ਆਇਆ। ਇਨੇ ਗਹਿਣੇ ਤਾਂ ਮੇਰੇ ਕੋਲ ਵੀ ਨਹੀਂ! ਹੱਥ ਵਿਚ ਸੋਨੇ ਦੀ ਛਟੀ! ਮੁਸਕਾਉਂਦਿਆਂ ਬੋਲਿਆ- ਭਲੇ ਮਾਣਸਾ ਚੋਰ ਦਾ ਨਾਮ ਲੈ ਕੇ ਡਰਾਉਣ ਦੀ ਕੀ ਲੋੜ? ਚੋਰ ਦੀ ਤਾਂ ਛਾਂ ਵੀ ਲੁਕੀ ਨਹੀਂ ਰਹਿੰਦੀ। ਮੈਨੂੰ ਮੂਰਖ ਕਿਉਂ ਸਮਝ ਲਿਆ? ਦੇਖਣਸਾਰ ਪਛਾਣ ਲੈਨਾ ਚੋਰ ਕੌਣ ਹੈ ਸੇਠ ਕੌਣ?

ਮੁਸਕਰਾਇਆ, ਕਹਿਣ ਲੱਗਾ- ਸੇਠ ਜੀ ਤੁਹਾਡੀ ਪਰਖ ਨਿਰਖ ਸਹੀ ਨਹੀਂ। ਜਦੋਂ ਮੈਂ ਸਾਫ਼ ਕਹਿ ਰਿਹਾਂ ਮੈਂ ਚੋਰ ਹਾਂ, ਤੁਹਾਡੇ ਕੋਲ ਚੋਰੀ ਕਰਨ ਆਇਆ ਹਾਂ, ਨਹੀਂ ਮੰਨਣਾ ਨਾ ਸਹੀ, ਤੁਹਾਡੀ ਮਰਜ਼ੀ। ਚੰਗਾ ਤੁਸੀਂ ਦੱਸੋ ਮੈਂ ਕੌਣ ਹਾਂ?

ਉਸ ਵੱਲ ਦੇਖਦਿਆਂ ਸੇਠ ਨੇ ਹੱਥ ਫੜ ਕੇ ਆਪਣੇ ਕੋਲ ਬਿਠਾ ਲਿਆ। ਕਿਹਾ- ਦਰਸ਼ਨ ਅੱਜ ਹੋਏ ਪਰ ਨਾਮ ਬੜਾ ਸੁਣਿਆ ਹੋਇਆ ਹੈ, ਤੁਰੰਤ ਪਛਾਣ ਲਿਆ। ਨਜ਼ਰ ਥੋੜ੍ਹੀ ਘਟ ਗਈ ਹੈ, ਦੇਰ ਤਾਂ ਲੱਗੀ ਪਰ ਪਛਾਣ ਗਿਆ। ਬੁਰਾ ਨਾ ਮੰਨਿਉਂ।

ਸੇਠ ਨੇ ਦੁਬਾਰਾ ਉੱਪਰ ਤੋਂ ਹੇਠਾਂ ਵੱਲ ਦੇਖਿਆ, ਪਹਿਨੇ ਹੋਏ ਗਹਿਣੇ ਦੇਖੇ। ਏਨੇ ਖਰੇ ਸੋਨੇ ਨੂੰ ਹੱਥ ਲਾ ਕੇ ਕੀ ਦੇਖਣਾ? ਮੁਸਕਰਾਉਂਦਿਆਂ ਬੋਲਿਆ- ਉਜੈਨ ਦੇ ਸਭ ਤੋਂ ਵੱਡੇ ਜੌਹਰੀ ਹੋ। ਮੈਂ ਕੀ ਪਾਪ ਕੀਤਾ ਕਿ ਮੇਰੇ ਗਰੀਬਖਾਨੇ ਦਾ ਕਦੀ ਧਿਆਨ ਨਹੀਂ ਆਇਆ? ਚਲੋ, ਅੱਜ ਮਿਹਰਬਾਨੀ ਕੀਤੀ ਇਹੋ ਬਹੁਤ। ਇਹੋ ਜਿਹੇ ਅਨਮੋਲ ਹੀਰੇ ਮੋਤੀ, ਮਾਣਕ, ਪੰਨੇ, ਲਾਲ ਦਿਖਾਊਂਗਾ ਕਿ ਯਾਦ ਰੱਖੋਗੇ। ਸ਼ੇਸ਼ਨਾਗ ਦੀਆਂ ਅਸਲੀ ਮਣੀਆਂ ਤੁਹਾਨੂੰ ਨਹੀਂ ਮਿਲਣਗੀਆਂ ਕਿਤੇ ਹੋਰ।

ਇਹ ਕਹਿ ਕੇ ਮਾਇਆ ਪਤੀ ਸੇਠ ਉਸ ਨਾਮਵਰ ਜੌਹਰੀ ਨੂੰ ਨਾਂਹ ਨਾਂਹ ਕਰਦੇ, ਹੱਥ ਫੜ ਕੇ ਬੇਝਿਜਕ ਹਵੇਲੀ ਅੰਦਰ ਲੈ ਗਿਆ। ਤਿੰਨੇ ਤਜੋਰੀਆਂ ਖੋਲ੍ਹ ਕੇ ਇਕ ਤੋਂ ਵਧ ਕੇ ਇਕ, ਬੇਜੋੜ ਜਵਾਹਰਾਤ ਦਿਖਾਉਂਦਿਆਂ ਕਹਿਣ ਲੱਗਾ- ਹੁਣ ਤਾਂ ਬਸ ਇਕ ਉਡਦੀ ਨਜ਼ਰ ਮਾਰੋ। ਪਰਖ ਤਾਂ ਕੱਲ੍ਹ ਦਿਨ ਦੇ ਚਾਨਣ ਵਿਚ ਕਰੋਂਗੇ ਨਾ! ਮੈਨੂੰ ਇਹ ਦੱਸਣ ਦੀ ਕੀ ਲੋੜ ਕਿਹੜਾ ਰਤਨ ਕਿੰਨੇ ਦਾ ਹੈ? ਜਿਹੜਾ ਮੁੱਲ ਪਾਉਂਗੇ ਮਨਜ਼ੂਰ ਹੋਵੇਗਾ। ਇਨ੍ਹਾਂ ਦੀ ਕੀਮਤ ਮੈਥੋਂ ਵਧ ਤੁਸੀਂ ਜਾਣਦੇ ਹੋ। ਸੂਰਜ ਨੂੰ ਦੀਵਾ ਦਿਖਾਉਣ ਦੀ ਕੀ ਲੋੜ? ਪੂਰੀ ਰਕਮ ਨਾ ਵੀ ਲਿਆਏ ਹੋਵੋ ਸ਼ਾਇਦ ਇਸ ਕਰਕੇ ਚੁੱਪ ਹੋ। ਮੈਂ ਇੰਨਾ ਸ਼ੱਕੀ ਬੰਦਾ ਨਹੀਂ। ਛੇ ਮਹੀਨਿਆਂ ਬਾਅਦ ਰਕਮ ਆ ਜਾਵੇਗੀ ਤਾਂ ਕੀ। ਜਿਹੜੇ ਨਗੀਨੇ ਪਸੰਦ ਆਉਣ ਬੇਝਿਜਕ ਲੈ ਜਾਇਉ।

-ਚੋਰੀ ਦੇ ਮਾਲ ਵਿਚ ਪਸੰਦ ਨਾ ਪਸੰਦ ਦੀ ਕੀ ਗੱਲ? ਤੁਹਾਨੂੰ ਕਹਿਣ ਦੀ ਲੋੜ ਨਹੀਂ। ਇਕ ਵੀ ਨੀ ਛੱਡਦਾ। ਤੁਸੀਂ ਦਿਖਾ ਦਿੱਤਾ ਚੰਗਾ ਹੋਇਆ। ਲੱਭਣ ਵਿਚ ਮੈਨੂੰ ਦੇਰ ਹੋ ਜਾਂਦੀ! ਇਸ ਵਾਸਤੇ ਤੁਹਾਡਾ ਅਹਿਸਾਨ ਹੋਇਆ। ਜੇਠ ਜ਼ੋਰ ਦੀ ਹੱਸਿਆ। ਹੱਸਦਾ ਹੱਸਦਾ ਬੋਲਿਆ- ਸੁਣਿਆ ਸੀ ਤੁਸੀਂ ਹੱਸਮੁੱਖ ਹੋ, ਹਾਸੇ ਮਜ਼ਾਕ ਦੀ ਆਦਤ ਹੈ। ਅੱਜ ਅੱਖੀਂ ਦੇਖ ਲਏ! ਸੇਠ ਨੇ ਵਧੀਕ ਮਿੰਨਤ ਤਰਲਾ ਕੀਤਾ ਤਾਂ ਚੋਰ ਰਾਤ ਕੱਟਣ ਵਾਸਤੇ ਹਵੇਲੀ ਰੁਕ ਗਿਆ। 

‘ਜਗਬਾਣੀ’ ਵਲੋਂ ਪ੍ਰਸਾਰਿਤ ਕੀਤੀ ਜਾ ਰਹੀ ਰਾਜਸਥਾਨੀ ਕਹਾਣੀ 'ਚੋਰ ਦੀ ਦਾਸਤਾਨ' ਪੜ੍ਹੋ ਅਗਲੀ ਕੜੀ ’ਚ....


author

rajwinder kaur

Content Editor

Related News