ਟਿੱਡੀ ਦਲ ਦਾ ਕਹਿਰ ਜਾਰੀ,  ਰਾਜਸਥਾਨ ''ਚ 30 ਏਕੜ ਫਸਲ ਪ੍ਰਭਾਵਿਤ

02/06/2020 2:03:49 PM

ਸ਼੍ਰੀਗੰਗਾਨਗਰ—ਮਾਹਰਾਂ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਜਸਥਾਨ 'ਚ ਖੇਤੀ ਵਾਲੇ ਇਲਾਕਿਆਂ 'ਚ ਟਿੱਡੀ ਦਲ ਦੀ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ 'ਚ ਫੈਲ ਸਕਦਾ ਹੈ, ਜਿਨ੍ਹਾਂ ਦੀ ਸਰਹੱਦ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਨਾਲ ਲੱਗਦੀ ਹੈ। 

ਸ਼੍ਰੀਗੰਗਾਨਗਰ ਦੇ ਸੰਸਦ ਮੈਂਬਰ ਨਿਹਾਲ ਚੰਦ ਨੇ ਕਿਹਾ ਕਿ ਰਾਜਸਥਾਨ ਦੇ 12 ਜ਼ਿਲ੍ਹੇ ਟਿੱਡੀ ਦਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 30 ਲੱਖ ਏਕੜ 'ਚ ਫੈਲੀਆਂ ਖੜ੍ਹੀਆਂ ਫਸਲਾਂ ਇਸ ਖਤਰੇ ਤੋਂ ਪ੍ਰਭਾਵਤ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਤਕਰੀਬਨ 700 ਕਰੋੜ ਰੁਪਏ ਦਾ ਘਾਟਾ ਸਹਿਣ ਕਰਨਾ ਪਿਆ ਹੈ। 

ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਕਟਾਈ ਦੇ ਪੜਾਅ 'ਤੇ ਗੜੇਮਾਰੀ ਅਤੇ ਬੇਮੌਸਮੀ ਬਾਰਸ਼ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਟਿੱਡੀ ਦਲ ਦੇ ਝੁੰਡ ਹਾੜ੍ਹੀ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਸੂਬਾ ਸਰਕਾਰ ਨੇ ਬਿਪਤਾ ਦੇ ਰੂਪ 'ਚ ਸਾਹਮਣੇ ਆਈ ਇਸ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਯਤਨਾਂ ਨਾਲ ਕੋਸ਼ਿਸ਼ ਨਹੀਂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਤੋਂ ਇਲਾਵਾ ਕੇਂਦਰ ਨੂੰ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਪੰਜਾਬ ਨੇ ਹਾਲ ਹੀ 'ਚ ਫਾਜ਼ਿਲਕਾ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ 'ਚ ਸਫਲਤਾ ਪ੍ਰਾਪਤ ਕੀਤੀ ਹੈ। ਟਿੱਡੀ ਦਲ ਦੇ 3 ਕਿਲੋਮੀਟਰ ਲੰਬੇ ਝੁੰਡ ਨੇ ਸਰ੍ਹੋਂ ਦੀ ਫਸਲ ਨੂੰ ਖਾ ਲਿਆ ਸੀ ਅਤੇ ਸ਼ੀਸ਼ਮ-ਕਿੱਕਰ ਦੇ ਰੁੱਖਾਂ 'ਤੇ ਬੈਠ ਗਏ ਸਨ। ਕੀੜੇ-ਮਕੌੜਿਆਂ ਨਾਲ ਲੜਨ ਲਈ ਕਈ ਸਰਕਾਰੀ ਏਜੰਸੀਆਂ ਅਤੇ ਸਥਾਨਕ ਪਿੰਡਾਂ ਨੂੰ ਲਾਇਆ ਗਿਆ। ਫਾਜ਼ਿਲਕਾ ਦੇ ਖੁਈਆਂ ਸਰਵਰ ਬਲਾਕ ਦੇ ਰੂਪਨਗਰ ਅਤੇ ਬਰੇਕਾ ਪਿੰਡਾਂ ਦੇ ਵਸਨੀਕਾਂ ਨੇ ਪਹਿਲਾਂ ਝੁੰਡ ਵੇਖੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਕੀਤਾ। ਖੇਤੀਬਾੜੀ ਵਿਭਾਗ ਦੀ ਐਮਰਜੈਂਸੀ ਪ੍ਰਤੀਕਿਰਿਆ ਟੀਮ ਨੂੰ ਤੁਰੰਤ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਗਿਆ ਅਤੇ ਝੁੰਡ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਚਲਾਈ ਗਈ। ਤੇਜ਼ ਰਫ਼ਤਾਰ ਸਪਰੇਅ ਕਰਨ ਵਾਲੇ 450 ਪ੍ਰਭਾਵਿਤ ਰੁੱਖਾਂ ਤੇ ਸੈਂਕੜੇ ਲੀਟਰ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਗਿਆ। ਫਾਜ਼ਿਲਕਾ ਦੇ ਸਿਵਾਨਾ, ਮੁਰਾਦਵਾਲਾ, ਚੰਨਣਵਾਲਾ, ਖਾਨਪੁਰ ਅਤੇ ਨੇਜੇਕੇ ਪਿੰਡਾਂ 'ਚ ਟਿੱਡੀਆਂ ਦੇਖੀਆਂ ਗਈਆਂ। ਰਾਜਸਥਾਨ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਸੂਬਾ ਪਹਿਲਾਂ ਹੀ ਉੱਚ ਚੇਤਾਵਨੀ ਦੇ ਰਿਹਾ ਹੈ।

ਇਸ ਤੋਂ ਪਹਿਲਾਂ ਪੀ.ਏ.ਯੂ ਦੇ ਵਿਗਿਆਨੀਆਂ ਨੇ ਕਿਹਾ ਸੀ ਕਿ ਟਿੱਡੀਆਂ ਲਈ ਮੌਸਮ ਬਹੁਤ ਮਾੜਾ ਸੀ ਅਤੇ ਕੀੜੇ ਜ਼ਿਆਦਾ ਠੰਡ 'ਚ ਜੀਉਂਦੇ ਨਹੀਂ ਰਹਿ ਸਕਣਗੇ ਪਰ ਸੂਬੇ ਦੇ ਤਾਪਮਾਨ 'ਚ ਵਾਧੇ ਦੇ ਨਾਲ ਹੁਣ ਇਹ ਵੀ ਕਿਹਾ ਨਹੀਂ ਜਾ ਸਕਦਾ ਹੈ।


Iqbalkaur

Content Editor

Related News