'ਟਿੱਡੀ ਦਲ' ਬਾਰੇ ਵਾਤਾਵਰਣ ਮਾਹਰਾਂ ਨੇ ਕੀਤਾ ਇਹ ਦਾਅਵਾ, ਜਾਣੋ ਕਿਵੇਂ ਪੁੱਜੇ ਭਾਰਤ

05/28/2020 3:06:21 PM

ਲਖਨਊ (ਭਾਸ਼ਾ)— ਵਾਤਾਵਰਣ ਮਾਹਰਾਂ ਦਾ ਦਾਅਵਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਚ ਦਹਿਸ਼ਤ ਬਣੇ ਟਿੱਡੀ ਦਲ ਦਰਅਸਲ ਜਲਵਾਯੂ ਪਰਿਵਰਤਨ ਕਾਰਨ ਪੈਦਾ ਹੋਏ ਹਲਾਤਾਂ ਦਾ ਨਤੀਜਾ ਹੈ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਦਾ ਕਹਿਰ ਜੁਲਾਈ ਦੀ ਸ਼ੁਰੂਆਤ ਤਕ ਬਰਕਰਾਰ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਦਰਮਿਆਨ ਦੇਸ਼ ਦੇ ਪੱਛਮੀ ਸੂਬਿਆਂ 'ਤੇ ਟਿੱਡੀ ਦਲਾਂ ਨੇ ਧਾਵਾ ਬੋਲ ਦਿੱਤਾ ਹੈ। ਪਿਛਲੇ ਢਾਈ ਦਹਾਕੇ ਵਿਚ ਪਹਿਲੀ ਵਾਰ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਵੀ ਇਨ੍ਹਾਂ ਦਾ ਜ਼ਬਰਦਸਤ ਕਹਿਰ ਦਿਖਾਈ ਦੇ ਰਿਹਾ ਹੈ। ਜਲਵਾਯੂ ਪਰਿਵਰਤਨ ਵਿਸ਼ੇ 'ਤੇ ਕੰਮ ਕਰਨ ਵਾਲੇ ਮੁੱਖ ਸੰਗਠਨ 'ਕਲਾਈਮੇਟ ਟ੍ਰੈਂਡਸ' ਦੀ ਮੁੱਖ ਅਧਿਕਾਰੀ ਆਰਤੀ ਖੋਸਲਾ ਮੁਤਾਬਕ ਟਿੱਡੀਆਂ ਦੇ ਝੁੰਡ ਪੈਦਾ ਹੋਣ ਦਾ ਜਲਵਾਯੂ ਪਰਿਵਰਤਨ ਨਾਲ ਸਿੱਧਾ ਸਬੰਧ ਹੈ। 

ਇੰਝ ਟਿੱਡੀ ਦਲ ਪੁੱਜਾ ਭਾਰਤ—
ਆਰਤੀ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਦੀ ਵਜ੍ਹਾ ਕਰ ਕੇ ਕਰੀਬ 5 ਮਹੀਨੇ ਪਹਿਲਾਂ ਪੂਰਬੀ ਅਫਰੀਕਾ ਵਿਚ ਸਭ ਤੋਂ ਜ਼ਿਆਦਾ ਮੀਂਹ ਪਿਆ ਸੀ। ਇਸ ਕਾਰਨ ਅਨੁਕੂਲ ਵਾਤਾਵਰਣ ਮਿਲਣ ਨਾਲ ਬਹੁਤ ਹੀ ਭਾਰੀ ਮਾਤਰਾ 'ਚ ਟਿੱਡੀਆਂ ਦਾ ਵਿਕਾਸ ਹੋਇਆ। ਉਸ ਤੋਂ ਬਾਅਦ ਉਹ ਝੁੰਡ ਉੱਥੋਂ 150 ਤੋਂ 200 ਕਿਲੋਮੀਟਰ ਰੋਜ਼ਾਨਾ ਦਾ ਸਫਰ ਤੈਅ ਕਰਦੇ ਹੋਏ ਦੱਖਣੀ ਈਰਾਨ ਅਤੇ ਫਿਰ ਦੱਖਣੀ-ਪੱਛਮੀ ਪਾਕਿਸਤਾਨ ਪੁੱਜੇ। ਉੱਥੇ ਵੀ ਉਨ੍ਹਾਂ ਨੂੰ ਬੇਮੌਸਮੀ ਹਲਾਤਾਂ ਕਾਰਨ ਪ੍ਰਜਨਨ ਲਈ ਅਨੁਕੂਲ ਵਾਤਾਵਰਣ ਮਿਲਿਆ, ਜਿਸ ਨਾਲ ਉਨ੍ਹਾਂ ਦੀ ਗਿਣਤੀ ਹੋਰ ਵਧ ਗਈ। ਉਹ ਹੁਣ ਭਾਰਤ ਵੱਲ ਰੁਖ਼ ਕਰ ਚੁੱਕੀਆਂ ਹਨ। ਘੱਟੋਂ-ਘੱਟ ਜੁਲਾਈ ਦੀ ਸ਼ੁਰੂਆਤ ਤੱਕ ਟਿੱਡੀਆਂ ਦਾ ਕਹਿਰ ਜਾਰੀ ਰਹਿਣ ਦਾ ਖਦਸ਼ਾ ਹੈ। 

FAO ਦੀ ਚਿਤਾਵਨੀ—
ਆਰਤੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦਾ ਮੰਨਣਾ ਹੈ ਕਿ ਦੇਸ਼ ਵਿਚ ਜੂਨ ਤੋਂ ਮੀਂਹ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਟਿੱਡੀਆਂ ਦੇ ਹਮਲੇ ਹੋਰ ਤੇਜ਼ ਹੋਣਗੇ। ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਭਾਰਤ ਦੇ ਕਿਸਾਨਾਂ ਨੂੰ ਟਿੱਡੀਆਂ ਦੇ ਝੁੰਡ ਰੂਪੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਇਹ ਭਾਰਤ ਵਿਚ ਖੁਰਾਕ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਹੈ। ਉਨ੍ਹਾਂ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਨੇ ਮੌਸਮ ਦੇ ਹਾਲਾਤ ਨੂੰ ਮੌਜੂਦਾ ਕਹਿਰ ਦੇ ਅਨੁਕੂਲ ਬਣਾ ਦਿੱਤਾ ਹੈ। 

ਕਿਸਾਨਾਂ ਲਈ ਵੱਡੀ ਮੁਸੀਬਤ—
ਵਾਤਾਵਰਣ ਵਿਗਿਆਨਕ ਡਾਕਟਰ ਸੀਮਾ ਜਾਵੇਦ ਨੇ ਦੱਸਿਆ ਕਿ ਟਿੱਡੀਆਂ ਨਮੀ ਵਾਲੀਆਂ ਥਾਂ ਵਿਚ ਪੈਦਾ ਹੁੰਦੀਆਂ ਅਤੇ ਇਨ੍ਹਾਂ ਦਾ ਕਹਿਰ ਅਕਸਰ ਹੜ੍ਹ ਅਤੇ ਚੱਕਰਵਾਤ ਤੋਂ ਬਾਅਦ ਵਧੇਰੇ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਟਿੱਡੀਆਂ ਇਕ ਹੀ ਵੰਸ਼ ਦਾ ਹਿੱਸਾ ਹੁੰਦੀਆਂ ਹਨ ਪਰ ਜ਼ਿਆਦਾ ਮਾਤਰਾ ਵਿਚ ਪੈਦਾ ਹੋਣ 'ਤੇ ਉਨ੍ਹਾਂ ਦਾ ਵਿਵਹਾਰ ਅਤੇ ਰੂਪ ਬਦਲਦਾ ਹੈ। ਇਸ ਨੂੰ ਫੇਜ ਚੇਂਜ ਕਿਹਾ ਜਾਂਦਾ ਹੈ। ਅਜਿਹਾ ਹੋਣ 'ਤੇ ਟਿੱਡੀਆਂ ਇਕੱਲੇ ਨਹੀਂ ਸਗੋਂ ਕਿ ਝੁੰਡ ਬਣਾ ਕੇ ਕੰਮ ਕਰਦੇ ਹਨ, ਜਿਸ ਨਾਲ ਉਹ ਬਹੁਤ ਵੱਡੇ ਖੇਤਰੇ 'ਤੇ ਹਾਵੀ ਹੋ ਜਾਂਦੀਆਂ ਹਨ। ਇਸ ਨਾਲ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਦੀ ਪਹਿਲਾਂ ਤੋਂ ਹੀ ਮਾਰ ਸਹਿਣ ਕਰ ਰਹੇ ਕਿਸਾਨਾਂ 'ਤੇ ਦੋਹਰੀ ਮੁਸੀਬਤ ਖੜ੍ਹੀ ਹੋ ਗਈ ਹੈ।


Tanu

Content Editor

Related News