ਘਰ ਪਹੁੰਚਣ ਤੋਂ ਪਹਿਲਾਂ ਹੀ ਰੁਕਿਆ ਜ਼ਿੰਦਗੀ ਦਾ ਸਫਰ, ਦਿੱਲੀ ਤੋਂ ਪੈਦਲ ਮੋਰੈਨਾ ਜਾ ਰਹੇ ਨੌਜਵਾਨ ਦੀ ਮੌਤ
Saturday, Mar 28, 2020 - 05:38 PM (IST)
ਮੋਰੈਨਾ-ਖਤਰਨਾਕ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲ਼ਾਨ ਕੀਤਾ ਗਿਆ ਹੈ। ਇਹ ਲਾਕਡਾਊਨ ਉਨ੍ਹਾਂ ਲੋਕਾਂ ਦੀ ਜ਼ਿੰਦਗੀ 'ਤੇ ਭਾਰੀ ਪੈਣ ਲੱਗਾ ਹੈ ਜੋ ਰੋਜ਼ਗਾਰ ਗੁਆਉਣ ਤੋਂ ਬਾਅਦ ਸ਼ਹਿਰ ਛੱਡ ਪੈਦਲ ਹੀ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸ ਦੌਰਾਨ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਇਕ ਪਿੰਡ ਮੋਰੈਨਾ ਜਾ ਰਹੇ ਰੈਸਟੋਰੈਂਟ ਕਰਮਚਾਰੀ ਦੀ ਅੱਜ ਭਾਵ ਸ਼ਨੀਵਾਰ ਸਵੇਰਸਾਰ ਆਗਰੇ ਪਹੁੰਚਣ 'ਤੇ ਅਚਾਨਕ ਸਿਹਤ ਖਰਾਬ ਹੋਣ ਤੋਂ ਬਾਅਦ ਮੌਤ ਹੋ ਗਈ।
ਦੱਸਣਯੋਗ ਹੈ ਕਿ ਪੈਦਲ ਘਰ ਜਾਣ ਵਾਲਾ ਇਹ ਮਿ੍ਰਤਕ ਨੌਜਵਾਨ ਰਣਵੀਰ (38) ਦਿੱਲੀ ਦੇ ਤੁਗਲਕਾਬਾਦ 'ਚ ਇਕ ਰੈਸਟੋਰੈਂਟ ਤੋਂ ਹੋਮ ਡਿਲੀਵਰੀ ਦਾ ਕੰਮ ਕਰਦਾ ਸੀ ਪਰ ਲਾਕਡਾਊਨ ਤੋਂ ਬਾਅਦ ਰੈਸਟੋਰੈਂਟ ਬੰਦ ਹੋ ਗਿਆ, ਜਿਸ ਤੋਂ ਬਾਅਦ ਨੌਜਵਾਨ ਸ਼ੁੱਕਰਵਾਰ ਨੂੰ ਦਿੱਲੀ ਤੋਂ ਆਪਣੇ ਘਰ ਲਈ ਦੋ ਹੋਰ ਲੋਕਾਂ ਨਾਲ ਪੈਦਲ ਹੀ ਚੱਲ ਪਿਆ। ਜਦੋਂ ਅੱਜ ਭਾਵ ਸ਼ਨੀਵਾਰ ਸਵੇਰਸਾਰ 5 ਵਜੇ ਤਿੰਨੋ ਆਗਰਾ ਪਹੁੰਚੇ ਤਾਂ ਰਣਵੀਰ ਦੇ ਅਚਾਨਕ ਸੀਨੇ 'ਚ ਦਰਦ ਹੋਣ ਲੱਗੀ ਅਤੇ ਕੁਝ ਸਮੇਂ ਬਾਅਦ ਜ਼ਿਆਦਾ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਿ੍ਰਤਕ ਦੇ ਮੋਬਾਇਲ ਰਾਹੀਂ ਸਨਾਖਤ ਕੀਤੀ ਹੈ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ।