ਲਾਕਡਾਊਨ ਕਾਰਨ ਮਹਾਰਾਜਗੰਜ 'ਚ ਫਸਿਆ ਫਰਾਂਸੀਸੀ ਪਰਿਵਾਰ, ਕਰਵਾਇਆ ਗਿਆ ਮੈਡੀਕਲ ਚੈਕਅੱਪ
Thursday, Apr 16, 2020 - 04:54 PM (IST)
ਗੋਰਖਪੁਰ- ਸੜਕ ਰਸਤੇ ਯਾਤਰਾ 'ਤੇ ਨਿਕਲੇ ਫਰਾਂਸ ਦੇ ਇਕ ਪਰਿਵਾਰ ਨੂੰ ਲਾਕਡਾਊਨ ਕਾਰਨ ਮਹਾਰਾਜਗੰਜ ਦੇ ਸਿੰਘੌਰਾ ਪਿੰਡ 'ਚ ਰੁਕਣ 'ਤੇ ਮਜ਼ਬੂਰ ਹੋਣਾ ਪਿਆ ਹੈ। ਇਹ ਪਰਿਵਾਰ ਫਰਵਰੀ ਤੋਂ ਆਪਣੇ ਚਾਰ ਪਹੀਆ ਵਾਹਨ 'ਤੇ ਯਾਤਰਾ 'ਤੇ ਨਿਕਲਿਆ ਸੀ ਪਰ ਜਦੋਂ ਉਹ ਨੇਪਾਲ ਸਰਹੱਦ 'ਚ ਪ੍ਰਵੇਸ਼ ਕਰਨ ਵਾਲੇ ਸਨ ਤਾਂ ਉਨਾਂ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਲਾਗੂ ਲਾਕਡਾਊਨ 'ਚ ਮਹਾਰਾਜਗੰਜ ਜ਼ਿਲੇ 'ਚ ਰੋਕ ਲਿਆ ਗਿਆ।
ਪ੍ਰਸ਼ਾਸਨ ਨੇ ਇਨਾਂ ਦੀ ਸਿਹਤ ਜਾਂਚ ਕਰਵਾਈ ਅਤੇ ਇਹ ਸਾਰੇ ਸਿਹਤਮੰਦ ਪਾਏ ਗਏ। ਨੌਤਨਵਾ ਦੇ ਐੱਸ.ਡੀ.ਐੱਮ. ਜਸਵੀਰ ਸਿੰਘ ਨੇ ਦੱਸਿਆ ਕਿ ਫਰਾਂਸ ਦੇ ਟੋਲੋਸ ਸ਼ਹਿਰ ਦੇ ਰਹਿਣ ਵਾਲੇ ਪੱਲਾਰੇਜ ਪੈਟ੍ਰਿਸ, ਉਨਾਂ ਦੀ ਪਤਨੀ ਵਰਜੀਨੀ, ਬੇਟੀਆਂ ਓਫੇਲੀ ਅਤੇ ਲੋਲਾ ਤੇ ਬੇਟਾ ਟਾਮ ਫਰਵਰੀ ਤੋਂ ਯਾਤਰਾ 'ਤੇ ਨਿਕਲੇ ਸਨ। ਜਦੋਂ ਉਹ ਨੇਪਾਲ ਦੀ ਸਰਹੱਦ 'ਚ ਦਾਖਲ ਹੋਣ ਵਾਲੇ ਸਨ, ਉਦੋਂ ਲਾਕਡਾਊਨ ਸ਼ੁਰੂ ਹੋ ਗਿਆ ਅਤੇ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਉਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਇਨਾਂ ਨੂੰ ਲਕਸ਼ਮੀਪੁਰ ਜੰਗਲਾਤ ਖੇਤਰ ਨੇੜੇ ਪਿੰਡ ਦੇ ਇਕ ਮੰਦਰ 'ਚ ਰੋਕ ਦਿੱਤਾ ਗਿਆ।
ਸਿੰਘ ਅਨੁਸਾਰ ਪ੍ਰਸ਼ਾਸਨ ਇਨਾਂ ਨੂੰ ਖਾਣ-ਪੀਣ ਦਾ ਸਾਮਾਨ ਉਪਲੱਬਧ ਕਰਵਾ ਰਿਹਾ ਹੈ ਅਤੇ ਉਨਾਂ ਦੀ ਜਾਂਚ ਵੀ ਕਰਵਾਈ ਗਈ, ਜਿਸ 'ਚ ਉਹ ਸਿਹਤਮੰਦ ਪਾਏ ਗਏ। ਸਿੰਘ ਅਨੁਸਾਰ ਪ੍ਰਸ਼ਾਸਨ ਇਨਾਂ ਲੋਕਾਂ ਨੂੰ ਕਿਸੇ ਬਿਹਤਰ ਜਗਾਂ ਰੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਨਾਂ ਲੋਕਾਂ ਨੇ ਕਿਹਾ ਕਿ ਉਹ ਜੰਗਲ ਨੇੜੇ ਇਸ ਮੰਦਰ 'ਚ ਵਧ ਬਿਹਤਰ ਮਹਿਸੂਸ ਕਰ ਰਹੇ ਹਨ।
ਮਹਾਰਾਜਗੰਜ ਦੇ ਜ਼ਿਲਾ ਅਧਿਕਾਰੀ ਡਾਕਟਰ ਉੱਜਵਲ ਕੁਮਾਰ ਨੇ ਦੱਸਿਆ ਕਿ ਇਸ ਬਾਰੇ ਫਰਾਂਸ ਦੇ ਦੂਤਘਰ ਨੂੰ ਦੱਸ ਦਿੱਤਾ ਗਿਆ ਹੈ ਅਤੇ ਉਨਾਂ ਨੇ ਇਨਾਂ ਦੀ ਵੀਜ਼ਾ ਮਿਆਦ ਵਧਾ ਦਿੱਤੀ ਹੈ। ਉਨਾਂ ਨੇ ਕਿਹਾ ਕਿ ਅਸੀਂ ਫਰਾਂਸੀਸੀ ਪਰਿਵਾਰ ਦਾ ਪੂਰਾ ਖਿਆਲ ਰੱਖ ਰਹੇ ਹਨ ਅਤੇ ਇਹ ਸਭ ਪੂਰੀ ਤਰਾਂ ਨਾਲ ਸਿਹਤਮੰਦ ਹਨ।