ਲਾਕਡਾਊਨ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਸਭ ਤੋਂ ਜ਼ਿਆਦਾ ਦਰਦ : ਰਾਹੁਲ ਗਾਂਧੀ

Saturday, May 23, 2020 - 07:28 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਬਹੁਤ ਲੋਕਾਂ ਨੂੰ ਠੇਸ ਪਹੁੰਚਾਈ ਹੈ ਪਰ ਇਸ ਨੇ ਸਭ ਤੋਂ ਜ਼ਿਆਦਾ ਦਰਦ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਹੈ, ਜਿਨ੍ਹਾਂ ਨੂੰ ਕੁੱਟਿਆ ਗਿਆ, ਰੋਕਿਆ ਗਿਆ, ਡਰਾਇਆ ਤੇ ਧਮਕਾਇਆ ਗਿਆ ਪਰ ਉਹ ਰੁਕੇ ਨਹੀਂ ਤੇ ਆਪਣੇ ਘਰਾਂ ਵੱਲ ਚੱਲਦੇ ਰਹੇ। ਉਨ੍ਹਾਂ ਨੇ ਆਪਣੀ ਮੰਗ ਨੂੰ ਦੁਹਰਾਇਆ ਕਿ 13 ਕਰੋੜ ਜ਼ਰੂਰਤ ਮੰਦ ਪਰਿਵਾਰਾਂ ਦੀ ਸਰਕਾਰ ਨੂੰ ਤੁਰੰਤ ਮਦਦ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਖਾਤਿਆਂ 'ਚ 7500 ਰੁਪਏ ਜਮ੍ਹਾਂ ਕਰਨੇ ਚਾਹੀਦੇ ਤਾਂਕਿ ਉਨ੍ਹਾਂ ਨੂੰ ਕਿਸੇ ਹੋਰ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।
ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਦਾ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਨੇ ਹਰਿਆਣਾ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਉੱਤਰ ਪ੍ਰਦੇਸ਼ ਦੇ ਕੁਝ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਂ ਸੁਣੀਆਂ ਤੇ ਕਿਹਾ ਕਿ ਰੋਜ਼ੀ-ਰੋਟੀ ਖੋਹਣ ਦੇ ਕਾਰਨ ਪਰੇਸ਼ਾਨ ਹਜ਼ਾਰਾਂ ਮਜ਼ਦੂਰ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਘਰ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਸਿਰਫ ਕੰਮ ਚਾਹੁੰਦੇ ਹਨ। ਵੀਡੀਓ 'ਚ ਮਜ਼ਦੂਰਾਂ ਨੇ ਕਾਂਗਰਸ ਨੇਤਾ ਨੂੰ ਕਿਹਾ ਕਿ ਲਾਕਡਾਊਨ ਲਾਗੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਸੋਚਣਾ ਚਾਹੀਦਾ ਸੀ ਕਿ ਦੇਸ਼ 'ਚ ਗਰੀਬ ਵੀ ਰਹਿੰਦੇ ਹਨ ਜੋ ਦਿਨ 'ਚ ਕਮਾਉਂਦੇ ਹਨ ਤੇ ਸ਼ਾਮ ਨੂੰ ਉਸੇ ਕਮਾਈ ਨਾਲ ਪੇਟ ਭਰਦੇ ਹਨ। ਉਨ੍ਹਾਂ ਨੂੰ ਗਰੀਬਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਤੇ ਉਸ ਦੇ ਹਿਸਾਬ ਨਾਲ ਫੈਸਲਾ ਲੈਣਾ ਚਾਹੀਦਾ ਸੀ ਪਰ ਉਹ ਹਮੇਸ਼ਾ ਦੀ ਤਰ੍ਹਾਂ ਅਚਾਨਕ ਟੀ. ਵੀ. 'ਤੇ ਆਏ ਤੇ ਪੂਰੇ ਦੇਸ਼ 'ਚ ਲਾਕਡਾਊਨ ਲਾਗੂ ਕਰ ਦਿੱਤਾ।


Gurdeep Singh

Content Editor

Related News