ਇਨ੍ਹਾਂ 17 ਸ਼ਹਿਰਾਂ ਲਈ ਵਰਦਾਨ ਸਾਬਿਤ ਹੋਇਆ ਲਾਕਡਾਊਨ, ਹਵਾ ਪ੍ਰਦੂਸ਼ਣ ''ਚ ਕਾਫੀ ਕਮੀ

Sunday, Apr 19, 2020 - 02:27 PM (IST)

ਇਨ੍ਹਾਂ 17 ਸ਼ਹਿਰਾਂ ਲਈ ਵਰਦਾਨ ਸਾਬਿਤ ਹੋਇਆ ਲਾਕਡਾਊਨ, ਹਵਾ ਪ੍ਰਦੂਸ਼ਣ ''ਚ ਕਾਫੀ ਕਮੀ

ਨਵੀਂ ਦਿੱਲੀ-ਕੋਰੋਨਾ ਸੰਕਟ ਕਾਰਨ ਪਿਛਲੇ ਇਕ ਮਹੀਨੇ ਤੋਂ ਲਾਕਡਾਊਨ ਦੇਸ਼ ਦੇ ਉਨ੍ਹਾਂ ਸ਼ਹਿਰਾਂ ਲਈ ਵਰਦਾਨ ਸਾਬਿਤ ਹੋਇਆ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ਅਤੇ ਲਾਕਡਾਊਨ ਤੋਂ ਬਾਅਦ ਇਨ੍ਹਾਂ ਸ਼ਹਿਰਾਂ 'ਚ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਾਰਕ ਤੱਤਾਂ ਦੇ ਗ੍ਰਾਫ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਐੱਨ.ਸੀ.ਆਰ ਦੇ ਤਿੰਨ ਸ਼ਹਿਰ ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਨੂੰ ਮਿਲੀ ਹੈ। 

ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਪੂਰੇ ਦੇਸ਼ 'ਚ 25 ਮਾਰਚ ਤੋਂ 14 ਅਪ੍ਰੈਲ ਤੱਕ ਪਹਿਲੀ ਵਾਰ ਲਾਕਡਾਊਨ ਲਾਗੂ ਕੀਤਾ।ਇਸ ਤੋਂ ਬਾਅਦ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ। ਵਾਤਾਵਰਣ ਸੁਰੱਖਿਆ ਦੇ ਖੇਤਰ 'ਚ ਕਾਰਜਸ਼ੀਲ ਸੰਸਥਾ ਕਲਾਈਮੇਟ ਟ੍ਰੇਂਡਸ ਵੱਲੋਂ ਸੀ.ਪੀ.ਸੀ.ਬੀ ਦੇ ਲਾਕਡਾਊਨ ਤੋਂ ਪਹਿਲਾਂ ਅਤੇ ਬਾਅਦ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਰਿਪੋਰਟ ਮੁਤਾਬਕ ਜੈਪੁਰ 'ਚ ਲਾਕਡਾਊਨ ਦੌਰਾਨ 25 ਮਾਰਚ ਤੋਂ 6 ਅਪ੍ਰੈਲ ਦੌਰਾਨ ਪੀ.ਐੱਮ 2.5 ਦੀ ਮਾਤਰਾ 'ਚ 53.77 ਫੀਸਦੀ ਅਤੇ ਪੀ.ਐੱਮ 10 ਦੀ ਮਾਤਰਾ 'ਚ 55.13 ਫੀਸਦੀ ਗਿਰਾਵਟ ਆਈ ਹੈ। ਇਹ ਰਿਪੋਰਟ ਹਵਾ ਦੀ ਗੁਣਵੱਤਾ ਨੂੰ ਜ਼ਹਿਰੀਲਾ ਬਣਾਉਣ ਵਾਲੇ ਕਣ ਪੀ.ਐੱਮ 2.5 ਅਤੇ ਪੀ.ਐੱਮ 10, ਨਾਈਟ੍ਰੋਜਨ ਡਾਈ ਆਕਸਾਈਡ ਅਤੇ ਨਾਈਟ੍ਰਿਕ ਆਕਸਾਈਡ (ਐੱਨ.ਓ.ਐਕਸ) ਅਤੇ ਸਲਫਰ ਡਾਈ ਆਕਸਾਈਡ (ਐੱਸ.ਓ) ਦੀ ਇਨ੍ਹਾਂ ਸ਼ਹਿਰਾਂ 'ਚ ਪਾਈ ਗਈ ਮਾਤਰਾ ਦੇ ਤੁਲਨਾਤਮਕ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਦੱਸ ਦੇਈਏ ਕਿ ਵਾਹਨ ਜਨਿਤ ਹਵਾ ਪ੍ਰਦੂਸ਼ਣ ਵਧਾਉਣ 'ਚ ਪੀ.ਐੱਮ 2.5 ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦੇ ਨਾਲ ਹੀ ਨਿਰਮਾਣ ਕੰਮ ਅਤੇ ਹੋਰ ਗਤੀਵਿਧੀਆਂ ਕਾਰਨ ਹਵਾ 'ਚ ਧੂੜ ਕਣਾਂ ਦੀ ਮਾਤਰਾ ਵੱਧਣ 'ਤੇ ਪੀ.ਐੱਮ 10 ਦਾ ਪੱਧਰ ਵੱਧਦਾ ਹੈ। 

ਹਵਾ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਇਨ੍ਹਾਂ ਚਾਰ ਤੱਤਾਂ ਦੀ ਮਾਤਰਾ 'ਚ ਗਿਰਾਵਟ ਸਾਰੇ 17 ਸ਼ਹਿਰਾਂ 'ਚ ਦਰਜ ਕੀਤੀ ਗਈ ਹੈ ਸਿਰਫ ਆਸਾਮ ਦੇ ਗੁਵਾਹਾਟੀ 'ਚ ਲਾਕਡਾਊਨ ਦੌਰਾਨ ਪੀ.ਐੱਮ 2.5 ਦਾ ਪੱਧਰ ਉਮੀਦ ਮੁਤਾਬਕ ਘੱਟ ਨਹੀਂ ਹੋਇਆ ਹੈ। ਇਹ ਰਿਪੋਰਟ ਦਿੱਲੀ, ਮੁੰਬਈ, ਕੋਲਕਾਤਾ, ਪੁਣੇ, ਨੋਇਡਾ, ਗੁਰੂਗ੍ਰਾਮ, ਪਟਨਾ, ਕਾਨਪੁਰ, ਲਖਨਊ, ਬੈਂਗਲੁਰੂ, ਹੈਦਰਾਬਾਦ, ਜੈਪੁਰ, ਗੁਵਾਹਾਟੀ, ਚੰਡੀਗੜ੍ਹ, ਅਹਿਮਦਾਬਾਦ, ਤਿਰੂਵੰਨਤਪੁਰਮ ਅਤੇ ਅਹਿਮਦਾਬਾਦ ਸਥਿਤ ਸੀ.ਪੀ.ਸੀ.ਬੀ ਦੇ 97 ਹਵਾ ਪ੍ਰਦੂਸ਼ਣ ਨਿਗਰਾਨੀ ਕੇਂਦਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। 


author

Iqbalkaur

Content Editor

Related News