ਤਾਲਾਬੰਦੀ ਦੌਰਾਨ ਤੇਜਸਵੀ-ਰਾਬੜੀ ਦਾ ਗੋਪਾਲਗੰਜ ਮੋਰਚਾ, ਕਾਫ਼ਿਲੇ ਨੂੰ ਪੁਲਸ ਨੇ ਰੋਕਿਆ

Friday, May 29, 2020 - 12:11 PM (IST)

ਤਾਲਾਬੰਦੀ ਦੌਰਾਨ ਤੇਜਸਵੀ-ਰਾਬੜੀ ਦਾ ਗੋਪਾਲਗੰਜ ਮੋਰਚਾ, ਕਾਫ਼ਿਲੇ ਨੂੰ ਪੁਲਸ ਨੇ ਰੋਕਿਆ

ਪਟਨਾ-ਤਾਲਾਬੰਦੀ ਦੇ ਨਿਯਮਾਂ ਨੂੰ ਤੋੜ ਕੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਨੇਤਾ ਤੇਜਸਵੀ ਯਾਦਵ ਅੱਜ ਪਟਨਾ ਤੋਂ ਗੋਪਾਲਗੰਜ ਲਈ ਰਵਾਨਾ ਹੋ ਰਹੇ ਹਨ। ਘਰ ਦੇ ਗੇਟ ਤੋਂ ਬਾਹਰ ਨਿਕਲੀ ਗੱਡੀ ਨੂੰ ਫਿਲਹਾਲ ਪੁਲਸ ਨੇ ਰੋਕ ਦਿੱਤਾ ਹੈ। ਬਾਹਰ ਖੁਦ ਪਟਨਾ ਦੇ ਐੱਸ.ਐੱਸ.ਪੀ ਨੇ ਮੋਰਚਾ ਸੰਭਾਲਿਆ ਹੋਇਆ ਹੈ। ਤੇਜਸਵੀ ਦੇ ਘਰ ਦੇ ਬਾਹਰ ਪਾਰਟੀ ਸਮਰਥਕਾਂ ਦੀ ਜਬਰਦਸਤ ਭੀੜ ਇਕੱਠੀ ਹੋਈ ਹੈ। ਇਸ ਦੌਰਾਨ ਤੇਜਸਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਕੀ ਦੋਸ਼ੀਆਂ ਦੇ ਲਈ ਤਾਲਾਬੰਦੀ ਨਹੀਂ ਹੈ। ਅਸੀਂ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਅਤੇ ਇਸ ਦੌਰਾਨ ਅਸੀਂ ਸਮਾਜਿਕ ਦੂਰੀ ਦਾ ਖਿਆਲ ਰੱਖ ਰਹੇ ਹਾਂ। ਪੁਲਸ ਦੇ ਲੱਖ ਰੋਕਣ ਦੇ ਬਾਵਜੂਦ ਵੀ ਤੇਜਸਵੀ ਯਾਦਵ ਦਾ ਕਾਫਿਲਾ ਗੇਟ ਦੇ ਬਾਹਰ ਆ ਗਿਆ ਹੈ।

ਇਸ ਦੌਰਾਨ ਤੇਜਸਵੀ ਯਾਦਵ ਦੇ ਘਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਕੱਲ੍ਹ ਤੇਜਸਵੀ ਨੇ ਤਾਲਾਬੰਦੀ ਦੌਰਾਨ ਤੀਹਰੇ ਕਤਲਕਾਂਡ ਮਾਮਲੇ ਨੂੰ ਲੈ ਕੇ ਗੋਪਾਲਗੰਜ ਕੂਚ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਪੁਲਸ ਕਾਮੇ ਤਾਇਨਾਤ ਕੀਤੇ ਗਏ ਹਨ। ਰੈਪਿਡ ਐਕਸ਼ਨ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। 

ਪਟਨਾ ਦੇ ਐੱਸ.ਐੱਸ.ਪੀ ਵਿਨੈ ਤਿਵਾੜੀ ਨੇ ਦੱਸਿਆ ਹੈ ਕਿ ਤਾਲਾਬੰਦੀ ਕਾਰਨ ਕਿਸੇ ਰਾਜਨੀਤਿਕ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਹੈ। ਇਸ ਕਾਰਨ ਅਸੀਂ ਕਿਸੇ ਨੂੰ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਹੋਵੇ। 

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਰਾਤ ਗੋਪਾਲਗੰਜ ਜ਼ਿਲੇ 'ਚ ਇਕੋ ਪਰਿਵਾਰ ਦੇ 3 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਘਰ 'ਚ ਦਾਖਲ ਹੋ ਕੇ ਤੀਹਰੇ ਕਤਲਕਾਂਡ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਪਰ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਘਟਨਾ ਤੋਂ ਨਿਰਾਸ਼ ਤੇਜਸਵੀ ਨੇ ਅੱਜ ਗੋਪਾਲਗੰਜ ਜਾਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਆਪਣੇ ਵਿਧਾਇਕਾਂ ਨੂੰ ਵੀ ਗੋਪਾਲਗੰਜ ਕੂਚ ਕਰਨ ਲਈ ਕਿਹਾ ਹੈ।


author

Iqbalkaur

Content Editor

Related News