ਲਾਕਡਾਊਨ ਦੌਰਾਨ ਮਾਸੂਮ ਪੁੱਤਰ ਦੇ ਇਲਾਜ ਲਈ 30 ਕਿਲੋਮੀਟਰ ਪੈਦਲ ਚੱਲ ਮਾਂ ਪਹੁੰਚੀ ਹਸਪਤਾਲ
Saturday, Mar 28, 2020 - 02:12 PM (IST)
ਚਿੱਤਰਕੁੱਟ-ਕਹਿੰਦੇ ਹਨ, "ਮਾਂ ਦੀ ਮਮਤਾ ਅੱਗੇ ਤਾਂ ਰੱਬ ਵੀ ਝੁਕ ਜਾਂਦਾ ਹੈ , ਜੋ ਖੁਦ ਦੁੱਖ ਝੱਲ ਆਪਣੇ ਬੱਚੇ ਨੂੰ ਖੁਸ਼ੀ ਦਿੰਦੀ ਹੈ।" ਅਜਿਹੀ ਮਮਤਾ ਦੀ ਮਿਸਾਲ ਪੇਸ਼ ਕਰਨ ਦਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਆਪਣੇ ਪੁੱਤਰ ਦੇ ਇਲਾਜ ਲਈ 30 ਕਿਲੋਮੀਟਰ ਪੈਦਲ ਚੱਲ ਹਸਪਤਾਲ ਪਹੁੰਚੀ ਹੈ। ਦੱਸ ਦੇਈਏ ਕਿ ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲਾਕਡਾਊਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਚਿੱਤਰਕੁੱਟ ਜ਼ਿਲੇ ਦੇ ਆਂਚਵਾੜਾ ਪਿੰਡ ਦੀ ਰਹਿਣ ਵਾਲੀ ਔਰਤ ਮਾਯਾ ਦੇਵੀ ਦਾ ਇਕ ਸਾਲ ਪੁੱਤਰ ਬੀਤੇ 2 ਦਿਨਾਂ ਤੋਂ ਬੀਮਾਰ ਸੀ ਪਰ ਬੀਤੇ ਦਿਨ ਵੀਰਵਾਰ ਸਵੇਰਸਾਰ ਬੱਚੇ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ, ਜਿਸ ਕਾਰਨ ਮਾਯਾ ਆਪਣੇ ਬੱਚੇ ਦੇ ਇਲਾਜ ਲਈ ਗੁਪਤਾਗੋਦਾਵਰੀ ਤੋਂ ਚਿੱਤਰਕੁੱਟ ਤੱਕ 30 ਕਿਲੋਮੀਟਰ ਪੈਦਲ ਚੱਲ ਕੇ ਇੱਕ ਨਿੱਜੀ ਹਸਪਤਾਲ 'ਚ ਪਹੁੰਚੀ, ਜਿੱਥੇ ਉਸ ਨੇ ਆਪਣੇ ਪੁੱਤਰ ਦਾ ਇਲਾਜ ਕਰਵਾਇਆ।
ਮਾਯਾ ਦੇਵੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸਦੇ ਬੇਟੇ ਦੀ ਸਿਹਤ ਬਹੁਤ ਖਰਾਬ ਸੀ। ਵੀਰਵਾਰ ਦੀ ਤੜਕੇ ਜਦੋਂ ਉਹ ਪੁੱਤਰ ਨੂੰ ਲੈ ਕਿ ਗੁਪਤਾਗੋਦਾਵਰੀ ਤੋਂ ਪੈਦਲ ਤੁਰ ਪਈ ਤਾਂ ਰਸਤੇ 'ਚ ਕੋਈ ਵਾਹਨ ਨਹੀਂ ਮਿਲਿਆ। ਉਸਨੇ ਕਿਹਾ "ਮੈਂ ਕਈ ਪੁਲਿਸ ਮੁਲਾਜ਼ਮਾਂ ਨੂੰ ਮਦਦ ਦੀ ਗੁਹਾਰ ਲਗਾਈ ਪਰ ਲਾਕਡਾਊਨ ਕਾਰਨ ਕਿਸੇ ਨੇ ਵੀ ਮਦਦ ਨਹੀਂ ਕੀਤੀ।" ਉਸ ਨੇ ਦੱਸਿਆ ਕਿ ਚਿੱਤਰਕੁੱਟ ਪਹੁੰਚਣ 'ਤੇ ਬੱਚੇ ਦਾ ਇਲਾਜ ਕੀਤਾ ਗਿਆ ਹੈ, ਹੁਣ ਬੱਚੇ ਦੀ ਸਿਹਤ ਕਾਫੀ ਠੀਕ ਹੈ।