ਅੱਜ ਤੋਂ ਪਟੜੀ ''ਤੇ ਦੌੜਣਗੀਆਂ 200 ਟਰੇਨਾਂ, ਡੇਢ ਘੰਟਾ ਪਹਿਲਾਂ ਪੁੱਜਣਾ ਹੋਵੇਗਾ ਸਟੇਸ਼ਨ

06/01/2020 1:55:07 PM

ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਭਾਰਤੀ ਰੇਲਵੇ 1 ਜੂਨ ਯਾਨੀ ਅੱਜ ਤੋਂ 200 ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਰੇਲਵੇ ਵੱਲੋਂ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਰੇਲਵੇ ਨੇ ਕਿਹਾ ਕਿ ਯਾਤਰੀਆਂ ਨੂੰ ਰਵਾਨਗੀ ਤੋਂ ਘੱਟ ਤੋਂ ਘੱਟ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪੁੱਜਣਾ ਹੋਵੇਗਾ ਅਤੇ ਜਿਨ੍ਹਾਂ ਲੋਕਾਂ ਕੋਲ ਕੰਫਰਮ ਜਾਂ ਆਰ.ਏ.ਸੀ. ਟਿਕਟ ਹੋਣਗੇ, ਉਨ੍ਹਾਂ ਨੂੰ ਹੀ ਸਟੇਸ਼ਨ ਦੇ ਅੰਦਰ ਜਾਣ ਅਤੇ ਟਰੇਨਾਂ ਵਿਚ ਸਵਾਰ ਹੋਣ ਦੀ ਆਗਿਆ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲਾ (ਐੱਮ.ਐੱਚ.ਏ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਜਾਂਚ ਕਰਵਾਉਣੀ ਹੋਵੇਗੀ, ਸਿਰਫ ਬਿਨਾਂ ਲੱਛਣ ਵਾਲੇ ਯਾਤਰੀਆਂ ਨੂੰ ਹੀ ਟਰੇਨਾਂ ਵਿਚ ਸਵਾਰ ਹੋਣ ਦੀ ਆਗਿਆ ਦਿੱਤੀ ਜਾਵੇਗੀ।

ਰੇਲਵੇ ਨੇ ਐਤਵਾਰ ਨੂੰ ਕਿਹਾ ਸੀ ਕਿ 1 ਜੂਨ ਤੋਂ 200 ਵਿਸ਼ੇਸ਼ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪਹਿਲੇ ਦਿਨ 1.45 ਲੱਖ ਤੋਂ ਜ਼ਿਆਦਾ ਯਾਤਰੀ ਯਾਤਰਾ ਕਰਨਗੇ। ਰੇਲਵੇ ਨੇ ਕਿਹਾ ਕਿ ਲਗਭੱਗ 26 ਲੱਖ ਯਾਤਰੀਆਂ ਨੇ 1 ਜੂਨ ਤੋਂ 30 ਜੂਨ ਤੱਕ ਵਿਸ਼ੇਸ਼ ਟਰੇਨਾਂ ਰਾਹੀਂ ਯਾਤਰਾ ਲਈ ਟਿਕਟ ਦੀ ਬੁਕਿੰਗ ਕਰਾਈ ਹੈ। ਇਹ ਸੇਵਾਵਾਂ 12 ਮਈ ਤੋਂ ਚੱਲ ਰਹੀਆਂ ਮਸ਼ਦੂਰ ਵਿਸ਼ੇਸ਼ ਟਰੇਨਾਂ ਅਤੇ 30 ਏਅਰ ਕੰਡਲੀਸ਼ਨਡ ਟਰੇਨਾਂ ਤੋਂ ਇਲਾਵਾ ਹਨ।

ਦੱਸ ਦੇਈਏ ਕਿ ਭਾਰਤੀ ਰੇਲਵੇ ਨੇ 1 ਜੂਨ ਯਾਨੀ ਅੱਜ ਤੋਂ ਚੱਲਣ ਵਾਲੀਆਂ 200 ਟਰੇਨਾਂ ਦੇ ਨਾਲ-ਨਾਲ ਪਹਿਲਾਂ ਤੋਂ ਚੱਲ ਰਹੀਆਂ 30 ਵਿਸ਼ੇਸ਼ ਰਾਜਧਾਨੀ ਟਰੇਨਾਂ 'ਚ ਰਿਜ਼ਰਵੇਸ਼ਨ ਯਾਨੀ ਟਿਕਟ ਪੱਕੀ ਕਰਨ ਦੀ ਪੁਰਾਣੀ ਵਿਵਸਥਾ ਲਾਗੂ ਕਰ ਦਿੱਤੀ ਹੈ। ਹੁਣ 30 ਦਿਨ ਨਹੀਂ ਸਗੋਂ ਪੁਰਾਣੀ ਵਿਵਸਥਾ ਦੀ ਤਰਜ 'ਤੇ 120 ਦਿਨ ਪਹਿਲਾਂ ਰਿਜ਼ਰਵੇਸ਼ਨ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਰੇਲਵੇ ਨੇ ਤਤਕਾਲ ਕੋਟਾ ਵੀ ਲਾਗੂ ਕਰ ਦਿੱਤਾ ਹੈ। ਭਾਰਤੀ ਰੇਲਵੇ ਵੱਲੋਂ 30 ਵਿਸ਼ੇਸ਼ ਰਾਜਧਾਨੀ ਗੱਡੀਆਂ ਅਤੇ 200 ਵਿਸ਼ੇਸ਼ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ 'ਚ ਰਿਜ਼ਰਵੇਸ਼ਨ ਦੇ ਨਿਯਮਾਂ 'ਚ ਸੋਧ ਕਰ ਦਿੱਤੀ ਗਈ ਹੈ। ਇਨ੍ਹਾਂ ਸੋਧਾਂ ਨੂੰ 31 ਮਈ ਨੂੰ ਸਵੇਰੇ 8 ਵਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਇਨ੍ਹਾਂ ਸਾਰੀਆਂ 230 ਰੇਲ ਗੱਡੀਆਂ 'ਚ ਹੁਣ ਪਾਰਸਲ ਤੇ ਸਾਮਾਨ ਦੀ ਬੁਕਿੰਗ ਦੀ ਵੀ ਮਨਜ਼ੂਰੀ ਹੋਵੇਗੀ।


cherry

Content Editor

Related News