ਮੰਗ ਕੇ ਜ਼ਿੰਦਗੀ ਬਿਤਾਉਣ ਵਾਲੇ ਭੋਜਨ ਤੇ ਦਵਾਈਆਂ ਲਈ ਸੰਘਰਸ਼ ਕਰ ਰਹੇ ਕਿੰਨਰ
Tuesday, Apr 21, 2020 - 06:35 PM (IST)

ਨਵੀਂ ਦਿੱਲੀ (ਪ.ਸ.): ਕੋਰੋਨਾ ਲਾਕਡਾਊਨ ਦੀ ਮਿਆਦ ਵਧਣ ਦੇ ਨਾਲ ਹੀ ਯਾਤਰੀ ਰੇਲ ਸੇਵਾਵਾਂ ਤੇ ਸਾਰੇ ਸਮਾਜਿਕ ਪ੍ਰੋਗਰਾਮਾਂ 'ਤੇ ਰੋਕ ਲੱਗਣ ਦੇ ਚੱਲਦੇ ਟਰੇਨ ਵਿਚ ਭੀਖ ਮੰਗ ਕੇ ਜਾਂ ਬੱਚੇ ਦੇ ਜਨਮ ਤੇ ਵਿਆਹ ਮੌਕੇ ਨੱਚ-ਗਾ ਕੇ ਪੈਸਾ ਕਮਾਉਣ ਵਾਲੇ ਜ਼ਿਆਦਾਤਰ ਕਿੰਨਰ ਜ਼ਿੰਦਗੀ ਗੁਜ਼ਾਰਣ ਦੇ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਮੁੱਖਧਾਰਾ ਦੀਆਂ ਨੌਕਰੀਆਂ ਕਰ ਰਹੇ ਕੁਝ ਕਿੰਨਰਾਂ ਨੂੰ ਛੱਡ ਕੇ ਸਮਾਜ ਵਿਚ ਹਾਸ਼ੀਏ 'ਤੇ ਪਾਏ ਗਏ ਭਾਰਤ ਦੇ 4.88 ਲੱਖ ਕਿੰਨਰ ਦੂਜਿਆਂ ਤੋਂ ਪੈਸਾ ਮੰਗ ਕੇ ਜ਼ਿੰਦਰੀ ਬਿਤਾਉਣ ਲਈ ਬੇਵੱਸ ਹਨ।
ਡਾਈਬਟੀਜ਼ ਨਾਲ ਪੀੜਤ 42 ਸਾਲਾ ਚਾਂਦਨੀ ਨੂੰ ਹੁਣ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਹਨਾਂ ਕੋਲ ਜੋ ਥੋੜੇ ਪੈਸੇ ਬਚੇ ਹਨ, ਉਹਨਾਂ ਨਾਲ ਉਹ ਭੋਜਨ ਖਰੀਦਣ ਜਾਂ ਦਵਾਈ। ਚਾਂਦਨੀ ਨੇ ਕਿਹਾ ਕਿ ਮੈਂ ਹਰ ਦਿਨ ਘੱਟ ਤੋਂ ਘੱਟ 500 ਰੁਪਏ ਕਮਾ ਲੈਂਦੀ ਸੀ। ਇਹ ਬਹੁਤ ਨਹੀਂ ਸੀ ਪਰ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਸੀ। ਬੰਦ ਤੋਂ ਬਾਅਦ ਤੋਂ ਕੋਈ ਆਮਦਨੀ ਨਹੀਂ ਹੋਣ ਕਾਰਣ ਮੇਰੇ ਕੋਲ ਪੈਸੇ ਨਹੀਂ ਬਚੇ ਹਨ।
ਇਕ ਹੋਰ ਟ੍ਰਾਂਸਜੈਂਡਰ ਰਸ਼ਮੀ, ਨੋਇਡਾ ਦੇ ਸੈਕਟਰ-16 ਵਿਚ ਸੜਕਾਂ 'ਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ। ਉਹਨਾਂ ਨੇ ਕਿਹਾ ਕਿ ਲੋਕ ਆਪਣੀਆਂ ਗੱਡੀਆਂ ਵਿਚੋਂ ਚਾਹੇ ਪੈਸੇ ਵੀ ਨਹੀਂ ਦਿੰਦੇ ਸਨ ਪਰ ਖਾਣ ਦਾ ਕੁਝ ਸਾਮਾਨ ਦੇ ਦਿੰਦੇ ਸਨ। ਰਸ਼ਮੀ ਨੇ ਕਿਹਾ ਕਿ ਹੁਣ ਮੈਂ ਘਰ ਵਿਚ ਬੰਦ ਹਾਂ। ਕੋਰੋਨਾ ਵਾਇਰਸ ਨਾਲ ਨਹੀਂ ਵੀ ਮਰੇ ਤਾਂ ਇਹ ਭੁੱਖ ਮੇਰੀ ਜਾਨ ਲੈ ਲਵੇਗੀ।
ਟ੍ਰਾਂਸਜੈਂਡਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨਾਂ ਦੇ ਮੁਤਾਬਕ ਭਾਰਤ ਵਿਚ ਕਿੰਨਰਾਂ ਦੀ ਆਬਾਦੀ 4.88 ਲੱਖ ਹੈ ਤੇ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਟ੍ਰੈਫਿਕ ਸਿਗਨਲਾਂ ਤੇ ਟਰੇਨਾਂ ਵਿਚ ਮੰਗ ਕੇ, ਵਿਆਹਾਂ ਵਿਚ ਨੱਚ ਕੇ ਤੇ ਯੌਨ ਕਰਮ ਕਰਕੇ ਆਪਣੀ ਜ਼ਿੰਦਗੀ ਬਿਤਾਉਂਦੇ ਹਨ। ਵਿਸ਼ਵ ਦੇ ਸਭ ਤੋਂ ਵੱਡੇ ਲਾਕਡਾਊਨ ਨੇ ਉਹਨਾਂ ਤੋਂ ਆਮਦਨੀ ਦੇ ਸਾਰੇ ਤਰੀਕੇ ਖੋਹ ਲਏ ਹਨ ਤੇ ਸਰਕਾਰ ਚਾਹੇ ਹੀ ਕਿੰਨਰਾਂ ਨੂੰ ਰਾਹਤ ਦੇ ਤੌਰ 'ਤੇ 1,500 ਰੁਪਏ ਦੇ ਰਹੀ ਹੈ ਪਰ ਕਈਆਂ ਕੋਲ ਇਹ ਰਾਸ਼ੀ ਹਾਸਲ ਕਰਨ ਲਈ ਜ਼ਰੂਰੀ ਦਸਤਾਵੇਜ਼ ਨਹੀਂ ਹਨ।