ਤਾਲਾਬੰਦੀ ''ਚ ਸ਼ਖਸ ਨੂੰ ਤੇਜ਼ ਰਫ਼ਤਾਰ ਬਾਈਕ ਚਲਾਉਣੀ ਪਈ ਮਹਿੰਗੀ, ਹੁਣ ਖਾ ਰਿਹੈ ਜੇਲ੍ਹ ਦੀ ਹਵਾ

07/21/2020 6:27:08 PM

ਬੈਂਗਲੁਰੂ (ਭਾਸ਼ਾ)— ਬੈਂਗਲੁਰੂ 'ਚ ਇਕ ਫਲਾਈਓਵਰ 'ਤੇ ਤਾਲਾਬੰਦੀ ਦੌਰਾਨ ਕਰੀਬ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਈਕ ਚਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦਾ ਸੈਲਫੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਅਕਤੀ ਨੂੰ ਖ਼ੁਦ ਦੀ ਅਤੇ ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 1000 ਸੀ. ਸੀ. ਦੀ ਬਾਈਕ ਵੀ ਜ਼ਬਤ ਕਰ ਲਈ ਗਈ ਹੈ। 

 

ਪੁਲਸ ਨੇ ਉਕਤ ਵਿਅਕਤੀ ਦੀ ਪਹਿਚਾਣ ਮੁਨੀਯੱਪਾ ਦੇ ਰੂਪ ਵਿਚ ਕੀਤੀ ਗਈ ਹੈ ਅਤੇ ਉਸ ਨੇ ਇਲੈਕਟ੍ਰਾਨਿਕ ਸਿਟੀ ਫਲਾਈਓਵਰ ਦੇ 10 ਕਿਲੋਮੀਟਰ ਲੰਬੇ ਹਿੱਸੇ ਵਿਚ ਕਰੀਬ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਈਕ ਨੂੰ ਚਲਾਉਂਦੇ ਹੋਏ ਦੋਹਾਂ ਦਿਸ਼ਾਵਾਂ ਵਲੋਂ ਆ-ਜਾ ਰਹੀਆਂ ਕਾਰਾਂ, ਆਟੋ ਰਿਕਸ਼ਾ ਅਤੇ ਟਰੱਕਾਂ ਨੂੰ ਪਾਰ ਕੀਤਾ। ਬੈਂਗਲੁਰੂ ਪੁਲਸ ਦੇ ਸਾਂਝੇ ਕਮਿਸ਼ਨਰ ਸੰਦੀਪ ਪਾਟਿਲ ਨੇ ਵੀਡੀਓ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਪੁਲਸ ਨੇ ਵਿਅਕਤੀ ਦਾ ਪਤਾ ਲਾ ਲਿਆ ਹੈ ਅਤੇ ਉਸ ਦੀ ਬਾਈਕ 1000 ਸੀ. ਸੀ. ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਆਵਾਜਾਈ ਪੁਲਸ ਨੂੰ ਸੌਂਪ ਦਿੱਤਾ। 

ਪੁਲਸ ਨੇ ਦੱਸਿਆ ਕਿ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਇਕ ਹਫਤੇ ਦੀ ਤਾਲਾਬੰਦੀ ਦੌਰਾਨ ਦੀ ਹੈ। ਹਾਲਾਂਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਖਾਸ ਤੌਰ 'ਤੇ ਇਹ ਘਟਨਾ ਕਿਸ ਦਿਨ ਦੀ ਹੈ।


Tanu

Content Editor

Related News