ਲਾਕਡਾਊਨ : ਗੋਆ ''ਚ ਫਸੇ 106 ਵਿਦੇਸ਼ੀ ਨਾਗਰਿਕ ''ਵਿਸ਼ੇਸ਼ ਜਹਾਜ਼'' ਰਾਹੀਂ ਪਰਤੇ ਲੰਡਨ
Sunday, Apr 19, 2020 - 10:09 AM (IST)
ਪਣਜੀ— ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਪੂਰੇ ਦੇਸ਼ ਵਿਚ 3 ਮਈ ਤਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬੱਸਾਂ, ਟਰੇਨਾਂ ਦੇ ਨਾਲ-ਨਾਲ ਕੌਮਾਂਤਰੀ ਉਡਾਣਾਂ 'ਤੇ ਵੀ ਪਾਬੰਦੀ ਹੈ, ਜਿਸ ਕਾਰਨ ਕਈ ਵਿਦੇਸ਼ੀ ਨਾਗਰਿਕ ਭਾਰਤ 'ਚ ਫਸੇ ਹੋਏ ਹਨ। ਗੋਆ ਵਿਚ ਫਸੇ ਹੋਏ ਅਜਿਹੇ ਹੀ 106 ਵਿਦੇਸ਼ੀ ਨਾਗਰਿਕਾਂ ਨੂੰ ਅੱਜ ਭਾਵ ਐਤਵਾਰ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ।
ਦਰਅਸਲ ਲਾਕਡਾਊਨ ਕਰ ਕੇ ਜਹਾਜ਼ਾਂ ਦਾ ਸੰਚਾਲਣ ਵੀ ਬੰਦ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਗੋਆ 'ਚ ਫਸੇ 106 ਵਿਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਲੰਡਨ ਭੇਜ ਦਿੱਤਾ ਗਿਆ ਹੈ। ਹਾਲਾਂਕਿ ਉਡਾਣ ਤੋਂ ਪਹਿਲਾਂ ਗੋਆ ਕੌਮਾਂਤਰੀ ਹਵਾਈ ਅੱਡੇ 'ਤੇ ਇਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਇਨ੍ਹਾਂ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ।
ਦੱਸ ਦੇਈਏ ਕਿ ਇਸ ਹਫਤੇ ਇੰਗਲੈਂਡ ਦੀਆਂ ਕਈ ਚਾਰਟਰ ਫਲਾਈਟਾਂ ਅੰਮ੍ਰਿਤਸਰ, ਨਵੀਂ ਦਿੱਲੀ, ਮੁੰਬਈ, ਗੋਆ, ਚੇਨਈ, ਹੈਦਰਾਬਾਦ, ਕੋਚੀ, ਬੈਂਗਲੁਰੂ, ਅਹਿਮਦਾਬਾਦ ਅਤੇ ਕੋਲਕਾਤਾ ਆ ਕੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾਣਗੀਆਂ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸੈਂਕੜੇ ਲੋਕ ਭਾਰਤ ਤੋਂ ਵਾਪਸ ਆਪਣੇ ਦੇਸ਼ ਪਰਤ ਚੁੱਕੇ ਹਨ।
ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਲੋਕ ਭਾਰਤ 'ਚ—
ਲਾਕਡਾਊਨ ਦੌਰਾਨ ਭਾਰਤ ਵਿਚ ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਲੋਕ ਫਸ ਗਏ ਹਨ। ਅਮਰੀਕਾ ਦੇ ਹੀ ਇਕ ਅਧਿਕਾਰੀ ਨੇ ਉੱਥੇ ਦੀ ਮੀਡੀਆ ਨੂੰ ਦੱਸਿਆ ਇਕ ਕਰੀਬ 24,000 ਅਮਰੀਕੀ ਫਿਲਹਾਲ ਭਾਰਤ 'ਚ ਹਨ। ਕਰੀਬ 800 ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਫਲਾਈਟ ਤੋਂ ਵਾਪਸ ਅਮਰੀਕਾ ਆਉਣਾ ਚਾਹੁੰਦੇ ਹਨ ਤਾਂ ਇਸ 'ਤੇ ਸਿਰਫ 10 ਨੇ ਹੀ ਆਉਣ ਦੀ ਹਾਮੀ ਭਰੀ ਸੀ।
ਦੱਸਣਯੋਗ ਹੈ ਕਿ ਦੁਨੀਆ ਭਰ ਦੇ 200 ਤੋਂ ਵਧੇਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,60,518 ਅਤੇ ਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ 23 ਲੱਖ ਤੋਂ ਪਾਰ ਹੋ ਚੁੱਕੀ ਹੈ। ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 14,792 ਹੋ ਗਈ ਹੈ ਅਤੇ 507 ਲੋਕ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ।