ਐੱਲ. ਓ. ਸੀ. ’ਤੇ ਪਾਕਿਸਤਾਨੀ ਫੌਜ ਲਈ ਬੰਕਰ ਬਣਾ ਰਿਹੈ ਚੀਨ
Monday, Jul 25, 2022 - 10:13 AM (IST)
ਨਵੀਂ ਦਿੱਲੀ : ਭਾਰਤੀ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਚੀਨ ਦੀ ਇਕ ਨਿਰਮਾਣ ਕੰਪਨੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਆਪਣਾ ਦਫ਼ਤਰ ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਮੁਜ਼ੱਫਰਾਬਾਦ ਅਤੇ ਅਥਮੁਕਮ ਦੇ ਨਾਲ ਲੱਗਦੇ ਇਲਾਕਿਆਂ ’ਚ ਹੋ ਰਹੇ ਕੰਮਾਂ ਨੂੰ ਕੰਟਰੋਲ ਕਰ ਰਹੀ ਹੈ।
ਏਜੰਸੀਆਂ ਨੇ ਕਿਹਾ ਕਿ ਚੀਨੀ ਕੰਪਨੀ ਮਈ ਤੋਂ ਪਾਕਿਸਤਾਨੀ ਫੌਜ ਲਈ ਬੰਕਰਾਂ ਦਾ ਨਵੀਨੀਕਰਨ ਤੇ ਨਵੇਂ ਨਿਰਮਾਣ ਕਰ ਰਹੀ ਹੈ। ਚੀਨੀ ਕੰਪਨੀਆਂ ਨੇ ਪਹਿਲਾਂ ਵੀ ਪੀ. ਓ. ਕੇ. ’ਚ ਨਿਰਮਾਣ ਕੀਤਾ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਐੱਲ. ਓ. ਸੀ. ’ਤੇ ਅਜਿਹਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਲਾਕਾ ਪੀ. ਓ. ਕੇ. ਨੀਲਮ ਘਾਟੀ ਦੇ ਨਾਲ ਲੱਗਦੇ ਕੇਲ ਸੈਕਟਰ ’ਚ ਪਾਕਿਸਤਾਨੀ ਫੌਜ ਦੀ 32ਵੀਂ ਡਵੀਜ਼ਨ ਦੇ ਅਧੀਨ ਆਉਂਦਾ ਹੈ। ਪੇਈਚਿੰਗ ਨੇ ਪਹਿਲਾਂ ਆਪਣੇ ਜਵਾਨਾਂ ਅਤੇ ਮਸ਼ੀਨਾਂ ਨੂੰ ਰਾਜਸਥਾਨ ਦੇ ਬੀਕਾਨੇਰ ਦੇ ਸਾਹਮਣੇ ਪਾਕਿਸਤਾਨੀ ਜ਼ਮੀਨ ’ਤੇ ਭੇਜਿਆ ਸੀ। ਇੱਥੇ ਇਕ ਫਾਰਵਰਡ ਏਅਰਬੇਸ ਨੂੰ ਅਪਗ੍ਰੇਡ ਕੀਤਾ ਗਿਆ ਸੀ ਅਤੇ 350 ਤੋਂ ਵੱਧ ਪੱਥਰ ਦੇ ਬੰਕਰਾਂ ਅਤੇ ਸਰਹੱਦੀ ਚੌਕੀਆਂ ਦਾ ਨਵੀਨੀਕਰਨ ਕੀਤਾ ਗਿਆ ਸੀ।
ਦੱਸ ਦਈਏ ਕਿ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਚੀਨ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਸੁਰ ਨਾਲ ਸੁਰ ਮਿਲਾ ਚੁੱਕਾ ਹੈ। ਭਾਰਤ ਨੇ ਅਗਲੇ ਸਾਲ ਜੰਮੂ-ਕਸ਼ਮੀਰ ’ਚ ਜੀ-20 ਨੇਤਾਵਾਂ ਦੀ ਬੈਠਕ ਕਰਨ ਦੀ ਯੋਜਨਾ ਬਣਾਈ ਹੈ। ਭਾਰਤ ਦੇ ਇਸ ਕਦਮ ਨੂੰ ਲੈ ਕੇ ਚੀਨ ਨੇ ਪਾਕਿਸਤਾਨ ਦੇ ਨਾਲ ਮਿਲ ਕੇ ਇਤਰਾਜ਼ ਪ੍ਰਗਟਾਇਆ ਸੀ। ਡ੍ਰੈਗਨ ਨੇ ਆਪਣੇ ਕਰੀਬੀ ਸਹਿਯੋਗੀ ਪਾਕਿਸਤਾਨ ਦੇ ਸੁਰ ’ਚ ਸੁਰ ਮਿਲਾਉਂਦਿਆਂ ਕਿਹਾ ਕਿ ਸਬੰਧਤ ਧਿਰਾਂ ਨੂੰ ਇਸ ਮੁੱਦੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।