ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ
Friday, Jul 28, 2023 - 02:25 AM (IST)
ਮੱਲਪੁਰਮ (ਭਾਸ਼ਾ)-ਕੇਰਲ ’ਚ ਕੁਝ ਹਫ਼ਤੇ ਪਹਿਲਾਂ 250 ਰੁਪਏ ਦੀ ਲਾਟਰੀ ਟਿਕਟ ਖਰੀਦਣ ਲਈ ਲੋਕਾਂ ਤੋਂ ਪੈਸੇ ਉਧਾਰ ਮੰਗਣ ਵਾਲੀਆਂ ਔਰਤਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਜਾਣਗੀਆਂ। ਇਥੇ ਪਰਾਪੱਨਾਂਗੜੀ ਨਗਰ ਪਾਲਿਕਾ ਦੇ ਅਧੀਨ ਹਰਿਤ ਕਰਮ ਸੈਨਾ ਦੀਆਂ 11 ਔਰਤਾਂ ਨੇ 250 ਰੁਪਏ ਦੀ ਲਾਟਰੀ ਟਿਕਟ ਖਰੀਦਣ ਦੀ ਸੋਚੀ ਪਰ ਜਦੋਂ ਸਾਰੀਆਂ ਨੇ ਪੈਸੇ ਇਕੱਠੇ ਕੀਤੇ ਤਾਂ 25 ਰੁਪਏ ਘੱਟ ਪੈ ਗਏ ਸਨ। ਉਨ੍ਹਾਂ ਨੇ ਆਪਣੀਆਂ ਹੋਰ ਸਹਿ-ਕਰਮਚਾਰੀਆਂ ਤੋਂ ਉਧਾਰ ਮੰਗ ਕੇ ਕਿਸੇ ਤਰ੍ਹਾਂ 250 ਰੁਪਏ ਇਕੱਠੇ ਕੀਤੇ ਅਤੇ ‘ਕੇਰਲ ਮਾਨਸੂਨ ਬੰਪਰ’ ਦੀ ਲਾਟਰੀ ਦੀ ਟਿਕਟ ਖ਼ਰੀਦ ਲਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
ਕੇਰਲ ਲਾਟਰੀ ਵਿਭਾਗ ਨੇ ਬੁੱਧਵਾਰ ਨੂੰ ਨਿਕਲੇ ਡਰਾਅ ’ਚ ਇਨ੍ਹਾਂ ਔਰਤਾਂ ਨੂੰ 10 ਕਰੋੜ ਰੁਪਏ ਦੀ ਲਾਟਰੀ ਦਾ ਜੇਤੂ ਐਲਾਨਿਆ। ਸਹਿ-ਕਰਮਚਾਰੀਆਂ ਤੋਂ ਪੈਸੇ ਉਧਾਰ ਮੰਗ ਕੇ ਟਿਕਟ ਖ਼ਰੀਦਣ ਵਾਲੀ ਰਾਧਾ ਨੇ ਕਿਹਾ, ‘‘ਅਸੀਂ ਪਹਿਲਾਂ ਵੀ ਪੈਸੇ ਉਧਾਰ ਮੰਗ ਕੇ ਲਾਟਰੀ ਟਿਕਟ ਖਰੀਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਅਸੀਂ ਇੰਨੀ ਵੱਡੀ ਰਾਸ਼ੀ ਜਿੱਤ ਲਈ ਹੈ।’’ ਹਰਿਤ ਕਰਮ ਸੈਨਾ ਘਰਾਂ ’ਚੋਂ ਕੂੜਾ ਇਕੱਠਾ ਕਰਦੀ ਹੈ। ਸੈਨਾ ਦੀ ਪ੍ਰਧਾਨ ਸ਼ੀਜਾ ਨੇ ਕਿਹਾ ਕਿ ਇਸ ਵਾਰ ਸਭ ਤੋਂ ਯੋਗ ਲੋਕਾਂ ਦੀ ਕਿਸਮਤ ਚਮਕੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜੇਤੂ ਬਹੁਤ ਮਿਹਨਤੀ ਹਨ ਅਤੇ ਆਪਣੇ ਪਰਿਵਾਰਾਂ ਲਈ ਕਮਾਉਣ ਵਾਲੀਆਂ ਇਕਲੌਤੀਆਂ ਮੈਂਬਰ ਹਨ।
ਇਹ ਖ਼ਬਰ ਵੀ ਪੜ੍ਹੋ : ਪਾਲਤੂ ਜਾਨਵਰਾਂ ਦੀਆਂ ਸ਼ਾਪਸ ਤੇ ਡੌਗ ਬ੍ਰੀਡਰਜ਼ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ