ਹਨੀਟ੍ਰੈਪ ’ਚ ਫਸਾਏ ਗਏ ਸਨ ਲਿੰਗਾਇਤ ਮਹੰਤ ਬਸਵਲਿੰਗੇਸ਼ਵਰ, ਬਣਾਈਆਂ ਸਨ 4 ਅਸ਼ਲੀਲ ਵੀਡੀਓ
Thursday, Oct 27, 2022 - 01:17 PM (IST)

ਰਾਮਨਗਰ (ਕਰਨਾਟਕ) (ਭਾਸ਼ਾ)– ਕੰਚੂਗਲ ਬਾਂਦੇ ਮੱਠ ਦੇ ਮਹੰਤ ਨੂੰ ਫਸਾ ਕੇ ਬਲੈਕਮੇਲ ਕੀਤੇ ਜਾਣ ਦਾ ਸ਼ੱਕ ਹੈ, ਜਿਸ ਕਾਰਨ ਉਨ੍ਹਾਂ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਪੁਲਸ ਸੂਤਰਾਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਇੱਥੋਂ ਦੇ ਮਾਗਦੀ ਖੇਤਰ ਦੇ ਕੇਮਪੁਪੁਰਾ ਵਿੱਚ ਸਥਿਤ ਮੱਠ ਦੇ ਮੁਖੀ ਬਸਵਲਿੰਗੇਸ਼ਵਰ ਸਵਾਮੀ ਐਤਵਾਰ ਨੂੰ ਮਠ ਕੰਪਲੈਕਸ ਵਿੱਚ ਮੰਦਰ ਦੀ ਖਿੜਕੀ ਦੀ ਗਰਿੱਲ ਨਾਲ ਲਟਕਦੇ ਹੋਏ ਮਿਲੇ ਸਨ। ਉਨ੍ਹਾਂ ਵੱਲੋਂ ਲਿਖੇ ਕੁਝ ਪੰਨੇ ਪੁਲਸ ਨੂੰ ਮਿਲੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਕੁਝ ਲੋਕਾਂ ’ਤੇ ਉਨ੍ਹਾਂ ਦਾ ਅਕਸ ਖਰਾਬ ਕਰ ਕੇ ਪ੍ਰੇਸ਼ਾਨ ਅਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਹਨ।
ਸੂਤਰਾਂ ਨੇ ਦਾਅਵਾ ਕੀਤਾ ਕਿ 45 ਸਾਲਾ ਲਿੰਗਾਇਤ ਸੰਤ ਬਸਵਲਿੰਗੇਸ਼ਵਰ ਸਵਾਮੀ ਨੂੰ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਮੁਰੁਗਾ ਮੱਠ ਦੇ ਮੁਖੀ ਮਹੰਤ ਸ਼ਿਵਮੂਰਤੀ ਮੁਰੁਗਾ ਸ਼ਰਨਾਰੂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ‘ਫਸਾਇਆ’ ਗਿਆ ਸੀ ਅਤੇ ਅਕਸਰ ਹੀ ਬਲੈਕਮੇਲ ਕੀਤਾ ਜਾਂਦਾ ਸੀ। ਇਨ੍ਹਾਂ ਲੋਕਾਂ ਨੇ ਬਸਵਲਿੰਗੇਸ਼ਵਰ ਦੀ ਅਨਜਾਣ ਔਰਤ ਨਾਲ 4 ਅਸ਼ਲੀਲ ਵੀਡੀਓ ਰਿਕਾਰਡ ਕਰ ਲਈਆਂ ਸਨ।