ਜੰਮੂ ਕਸ਼ਮੀਰ ਦੇ LG ਜੀ. ਸੀ. ਮੁਰਮੂ ਨੇ ਦਿੱਤਾ ਅਸਤੀਫਾ
Thursday, Aug 06, 2020 - 01:08 AM (IST)

ਸ਼੍ਰੀਨਗਰ/ਜੰਮੂ - ਕੇਂਦਰ ਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੇ ਜੀ. ਸੀ. ਮੁਰਮੂ ਨੇ 9 ਮਹੀਨੇ ਬਾਅਦ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਭਾਰਤ ਦੇ ਅਗਲੇ ਕੰਟਰੋਲਰ ਅਤੇ ਆਡੀਟਰ ਜਨਰਲ ਬਣਾਏ ਜਾ ਸਕਦੇ ਹਨ। ਮੌਜੂਦਾ ਸੀ. ਏ. ਜੀ. ਰਾਜੀਵ ਮਹਾਰਿਸ਼ੀ ਇਸ ਹਫਤੇ ਰਿਟਾਇਰ ਹੋਣ ਵਾਲੇ ਹਨ।
ਪਿਛਲੇ ਸਾਲ 31 ਅਕਤੂਬਰ, 2019 ਨੂੰ ਜੰਮੂ ਅਤੇ ਕਸ਼ਮੀਰ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਤੌਰ 'ਤੇ ਵਜੂਦ ਵਿਚ ਆਉਣ ਤੋਂ ਬਾਅਦ ਮੁਰਮੂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਉਪ-ਰਾਜਪਾਲ ਬਣੇ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਮਲਿਕ ਦੀ ਥਾਂ ਲਈ ਸੀ। ਬੀਤੇ ਕਈ ਮਹੀਨੇ ਤੋਂ ਉਪ-ਰਾਜਪਾਲ ਪ੍ਰਸ਼ਾਸਨ ਖਿਲਾਫ ਲੋਕਾਂ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਸੀ, ਕਿਉਂਕਿ ਜ਼ਮੀਨੀ ਪੱਧਰ 'ਤੇ ਕਾਰਜ ਯੋਜਨਾਵਾਂ ਲਾਗੂ ਨਹੀਂ ਹੋ ਰਹੀਆਂ ਸਨ। ਸੂਤਰਾਂ ਮੁਤਾਬਕ ਉਪ-ਰਾਜਪਾਲ ਅਤੇ ਨੌਕਰਸ਼ਾਹਾਂ ਵਿਚਾਲੇ ਤਾਲਮੇਲ ਨਹੀਂ ਬੈਠ ਰਿਹਾ ਸੀ। ਉਥੇ ਉਨ੍ਹਾਂ ਦੇ ਤਿਆਗ ਪੱਤਰ ਤੋਂ ਬਾਅਦ ਨਵੇਂ ਉਪ-ਰਾਜਪਾਲ ਦੇ ਨਾਮਾਂ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ। ਨਵੇਂ ਉਪ-ਰਾਜਪਾਲ ਲਈ ਰਾਜੇਸ਼ ਮੋਹਰ ਅਤੇ ਰਾਜੀਵ ਮਹਾਰਿਸ਼ੀ ਦੇ ਨਾਮਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ।