ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

04/10/2023 4:56:48 AM

ਸਿਰਸਾ (ਲਲਿਤ)-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਇਕ ਗੁਰਗੇ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਫੋਨ ਕਰ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ’ਚ ਹੁਣ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਬਲਵੰਤ ਰਾਏ ਵਾਸੀ ਡੱਬਵਾਲੀ ਵਜੋਂ ਹੋਈ ਹੈ। ਸਿਰਸਾ ਪੁਲਸ ਦੀ ਐਡੀਸ਼ਨਲ ਕਪਤਾਨ ਦੀਪਤੀ ਗਰਗ ਨੇ ਦੱਸਿਆ ਕਿ ਹਨੀਪ੍ਰੀਤ ਪੁੱਤਰੀ ਗੁਰਮੀਤ ਰਾਮ ਰਹੀਮ ਸਿੰਘ ਨੇ ਪੁਲਸ ’ਚ ਸ਼ਿਕਾਇਤ ਦਿੱਤੀ ਸੀ ਕਿ 5 ਅਪ੍ਰੈਲ ਨੂੰ ਉਸ ਦੇ ਵਟਸਐਪ ਨੰਬਰ ’ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਤੇ ਮੈਸੇਜ ਆਏ ਸਨ। ਕਾਲ ਤੇ ਮੈਸੇਜ ਕਰਨ ਵਾਲੇ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਉਸ ਨੇ ਫਿਰੌਤੀ ਦੇ ਤੌਰ ’ਤੇ 50 ਲੱਖ ਰੁਪਏ ਦੇਣ ਦੀ ਡਿਮਾਂਡ ਰੱਖੀ। 50 ਲੱਖ ਰੁਪਏ ਫਿਰੌਤੀ ਨਾ ਦੇਣ ਦੀ ਸੂਰਤ ’ਚ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਦੀਪਤੀ ਗਰਗ ਨੇ ਦੱਸਿਆ ਕਿ ਹਨੀਪ੍ਰੀਤ ਨੇ ਥਾਣੇ ’ਚ ਹਾਜ਼ਰ ਹੋ ਕੇ ਪੁਲਸ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ

ਸਿਰਸਾ ਪੁਲਸ ਕਪਤਾਨ ਉਦੇ ਸਿੰਘ ਮੀਣਾ ਨੇ ਇਸ ਮਾਮਲੇ ’ਚ ਫੌਰਨ ਕਾਰਵਾਈ ਕਰਦੇ ਹੋਏ ਇਕ ਐੱਫ. ਆਈ. ਆਰ. ਰਜਿਸਟਰ ਕਰ ਕੇ ਸੀ. ਆਏ. ਏ. ਤੇ ਸਾਈਬਰ ਟੀਮ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪੁਲਸ ਦੀਆਂ ਕਈ ਟੀਮਾਂ ਨੇ ਆਪਸ ’ਚ ਤਾਲਮੇਲ ਰੱਖਦੇ ਹੋਏ ਵਟਸਐਪ ਨੰਬਰ ਦਾ ਡਾਟਾ ਇਕੱਠਾ ਕਰਦੇ ਹੋਏ ਮੁਲਜ਼ਮ ਦੀ ਪਛਾਣ ਕੀਤੀ। ਫਿਲਹਾਲ ਪੁਲਸ ਨੇ ਇਸ ਮਾਮਲੇ ’ਚ ਮੁੱਖ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਮੁੱਢਲੀ ਪੁੱਛਗਿੱਛ ’ਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰਦੀਪ ਪਹਿਲਾਂ ਡੇਰੇ ਦਾ ਹੀ ਪੈਰੋਕਾਰ ਸੀ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼

ਪ੍ਰਦੀਪ ਦਾ ਕਹਿਣਾ ਹੈ ਕਿ ਉਸਦੇ ਸਿਰ ’ਤੇ ਕਰਜ਼ਾ ਹੈ ਤੇ ਫੇਸਬੁੱਕ ਪੇਜ ਤੋਂ ਹੀ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ’ਚ ਆਇਆ ਸੀ। ਉਸਨੂੰ ਕੁਝ ਵਾਟਸਅਪ ਨੰਬਰ ਦਿੱਤੇ ਗਏ ਸੀ, ਜਿਨ੍ਹਾਂ ਨੂੰ ਆਪਣੇ ਫੋਨ ’ਚ ਇੰਸਟਾਲ ਕਰ ਕੇ ਫਿਰੌਤੀ ਮੰਗੀ ਸੀ। ਪੁਲਸ ਕਪਤਾਨ ਨੇ ਦੱਸਿਆ ਕਿ ਹਾਲੇ ਪੁਲਸ ਦੀ ਜਾਂਚ ਜਾਰੀ ਹੈ। ਮੁਲਜ਼ਮ ਪ੍ਰਦੀਪ ਵੱਲੋਂ ਇਸ ਮਾਮਲੇ ’ਚ ਡਾਕਟਰ ਮੋਹਿਤ ਦਾ ਨਾਂ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ ਪਰ ਪੁਲਸ ਪੁੱਛਗਿੱਛ ’ਚ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ ਹਨ। ਇਸ ਕਰ ਕੇ ਇਸ ਮਾਮਲੇ ’ਚ ਕਿਸੀ ਹੋਰ ਦਾ ਸ਼ਾਮਲ ਹੋਣਾ ਨਹੀਂ ਪਾਇਆ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ 2017 ’ਚ ਪੰਚਕੂਲਾ ਦੰਗੇ ਵਿਚ ਵੀ ਸ਼ਾਮਲ ਸੀ। ਪੁਲਸ ਇਸ ਬਾਰੇ ਜਾਂਚ ਕਰ ਰਹੀ ਹੈ।
 


Manoj

Content Editor

Related News