ਲਾਰੈਂਸ ਬਿਸ਼ਨੋਈ ਦੇ ਪਿਤਾ ਪਹੁੰਚੇ ਸੁਪਰੀਮ ਕੋਰਟ, ਪੰਜਾਬ ਦੇ ਵਕੀਲਾਂ 'ਤੇ ਲਗਾਇਆ ਵੱਡਾ ਇਲਜ਼ਾਮ

06/27/2022 5:22:47 PM

ਨਵੀਂ ਦਿੱਲੀ (ਭਾਸ਼ਾ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਆਪਣੇ ਪੁੱਤਰ ਦੇ ਟਰਾਂਜਿਟ ਰਿਮਾਂਡ ਸਮੇਤ ਵੱਖ-ਵੱਖ ਆਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਸ਼ਿਕਾਇਤ ਕੀਤੀ ਕਿ ਪੰਜਾਬ 'ਚ ਵਕੀਲ ਉਨ੍ਹਾਂ ਦੇ ਪੁੱਤਰ ਦਾ ਬਾਈਕਾਟ ਕਰ ਰਹੇ ਹਨ ਅਤੇ ਉਸ ਦਾ ਮੁਕੱਦਮਾ ਲੜਨ ਦੇ ਇਛੁੱਕ ਨਹੀਂ ਹਨ। ਬਿਸ਼ਨੋਈ ਦੇ ਪਿਤਾ ਵਲੋਂ ਪੇਸ਼ ਐਡਵੋਕੇਟ ਸੰਗ੍ਰਾਮ ਸਿੰਘ ਸਰੋਨ ਨੇ ਜੱਜ ਸੂਰੀਆਕਾਂਤ ਅਤੇ ਜੱਜ ਜੇ.ਬੀ. ਪਦਰੀਵਾਲਾ ਦੀ ਬੈਂਚ ਨੂੰ ਜਾਣੂੰ ਕਰਵਾਇਆ ਕਿ ਉਨ੍ਹਾਂ ਨੇ ਦਿੱਲੀ ਦੀ ਇਕ ਅਦਾਲਤ ਦੇ ਟਰਾਂਜਿਟ ਰਿਮਾਂਡ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਪਰ ਪੰਜਾਬ ਦੀ ਮਾਨਸਾ ਅਦਾਲਤ 'ਚ ਕੋਈ ਵੀ ਵਕੀਲ ਬਿਸ਼ਨੋਈ ਦਾ ਮੁਕੱਦਮਾ ਨਹੀਂ ਲੜਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਬਿਸ਼ਨੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਹੈ ਪਰ ਉਨ੍ਹਾਂ ਵਲੋਂ ਵਕੀਲ ਖੜ੍ਹਾ ਨਹੀਂ ਹੋਣਾ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ 'ਤੇ ਐਕਸ਼ਨ, ਹੁਣ ਬੈਨ ਕੀਤੇ ਇਹ ਦੋ ਟਵਿੱਟਰ ਅਕਾਊਂਟ

ਬੈਂਚ ਨੇ ਕਿਹਾ ਕਿ ਬਿਸ਼ਨੋਈ ਨੂੰ ਕਾਨੂੰਨੀ ਮਦਦ ਲਈ ਵਕੀਲ ਉਪਲੱਬਧ ਕਰਵਾਉਣ ਲਈ ਪਟੀਸ਼ਨਕਰਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਨ। ਸਰੋਨ ਨੇ ਕਿਹਾ ਕਿ ਉਹ ਟਰਾਂਜਿਟ ਰਿਮਾਂਡ ਦੇ ਦਿੱਲੀ ਦੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇ ਰਹੇ ਹਨ, ਕਿਉਂਕਿ ਇਹ ਬਿਸ਼ਨੋਈ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਪਾਸ ਕੁਝ ਨਿਰਦੇਸ਼ਾਂ ਦੇ ਉਲਟ ਹੈ। ਬੈਂਚ ਨੇ ਕਿਹਾ,''ਕਿਉਂਕਿ ਪੰਜਾਬ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਹ ਬਹੁਤ ਸ਼ੁਰੂਆਤੀ ਪੜਾਅ ਹੈ। ਇਸ ਅਦਾਲਤ ਲਈ ਇਸ ਪੱਧਰ 'ਤੇ ਦਖ਼ਲਅੰਦਾਜੀ ਕਰਨਾ ਉੱਚਿਤ ਨਹੀਂ ਹੋਵੇਗਾ।'' ਅਦਾਲਤ ਨੇ ਕਿਹਾ ਕਿ ਕਤਲ ਪੰਜਾਬ ਦੇ ਮਾਨਸਾ 'ਚ ਹੋਇਆ ਅਤੇ ਇਸ ਲਈ ਮਾਮਲੇ ਦੀ ਜਾਂਚ ਕਰਨਾ ਪੰਜਾਬ ਪੁਲਸ ਦਾ ਅਧਿਕਾਰ ਖੇਤਰ ਹੈ ਅਤੇ ਪੁਲਸ ਉਸ ਨੂੰ ਰਿਮਾਂਡ (ਬਿਸ਼ਨੋਈ) 'ਤੇ ਲੈ ਸਕਦੀ ਹੈ। ਬੈਂਚ 11 ਜੁਲਾਈ ਨੂੰ ਬਿਸ਼ਨੋਈ ਦੇ ਪਿਤਾ ਦੀ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤ ਹੋਈ। ਮੂਸੇਵਾਲਾ ਕਤਲਕਾਂਡ 'ਚ ਦਿੱਲੀ ਦੀ ਇਕ ਅਦਾਲਤ ਨੇ 14 ਜੂਨ ਨੂੰ ਬਿਸ਼ਨੋਈ ਨੂੰ ਪੰਜਾਬ ਲਿਜਾਉਣ ਲਈ ਪੰਜਾਬ ਪੁਲਸ ਨੂੰ ਟਰਾਂਜਿਟ ਰਿਮਾਂਡ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News