ਨਮ ਅੱਖਾਂ ਨਾਲ ਸ਼ਹੀਦ ਭੁਪਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ

09/09/2020 6:41:20 PM

ਭਿਵਾਨੀ— ਚਾਰ ਦਿਨ ਪਹਿਲਾਂ ਕਸ਼ਮੀਰ ਵਿਚ ਸ਼ਹੀਦ ਹੋਏ ਭੁਪਿੰਦਰ ਸਿੰਘ ਚੌਹਾਨ ਨੂੰ ਬੁੱਧਵਾਰ ਯਾਨੀ ਕਿ ਅੱਜ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦਾ ਮਰਹੂਮ ਸਰੀਰੀ ਬੁੱਧਵਾਰ ਸਵੇਰੇ ਚਰਖੀ ਦਾਦਰੀ ਦੇ ਬਾਸ ਪਿੰਡ ਪਹੁੰਚਿਆ। ਇੱਥੇ ਸਰਕਾਰੀ ਅਤੇ ਫ਼ੌਜੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਛੋਟੇ ਭਰਾ ਦੀਪਕ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਉੱਥੇ ਹੀ 7 ਮਹੀਨੇ ਦੇ ਪੁੱਤਰ ਨੇ ਸ਼ਹੀਦ ਪਿਤਾ ਨੂੰ ਹੱਥ ਜੋੜ ਕੇ ਨਮਨ ਕੀਤਾ। ਪਤਨੀ ਅਤੇ ਪਿਤਾ ਨੇ ਵੀ ਸ਼ਹੀਦ ਨੂੰ ਸੈਲਿਊਟ ਕਰ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸੰਸਦ ਮੈਂਬਰ ਧਰਮਬੀਰ ਸਿੰਘ, ਵਿਧਾਇਕ ਸੋਮਬੀਰ ਸਾਂਗਵਾਨ, ਪੁਲਸ ਅਧਿਕਾਰੀਆਂ ਸਮੇਤ ਹਜ਼ਾਰਾਂ ਪਿੰਡ ਵਾਸੀ ਮੌਕੇ 'ਤੇ ਮੌਜੂਦ ਰਹੇ। 

PunjabKesari

ਜ਼ਿਕਰਯੋਗ ਹੈ ਕਿ 5 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਭੁਪਿੰਦਰ ਸਿੰਘ ਸ਼ਹੀਦ ਹੋ ਗਏ ਸਨ। ਭਿਵਾਨੀ-ਮਹਿੰਦਰਗੜ੍ਹ ਲੋਕ ਸਭਾ ਖੇਤਰ ਦੇ ਸੰਸਦ ਮੈਂਬਰ ਧਰਮਬੀਰ ਸਿੰਘ, ਦਾਦਰੀ ਦੇ ਵਿਧਾਇਕ ਅਤੇ ਹਰਿਆਣਾ ਪਸ਼ੂ ਧਨ ਵਿਕਾਸ ਬੋਰਡ ਦੇ ਚੇਅਰਮੈਨ ਸੋਮਬੀਰ ਸਾਂਗਵਾਨ ਅਤੇ ਪੁਲਸ ਅਫ਼ਸਰ ਬਲਵਾਨ ਸਿੰਘ ਰਾਣਾ ਨੇ ਸ਼ਹੀਦ ਭੁਪਿੰਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 

ਸ਼ਹੀਦ ਭੁਪਿੰਦਰ 23 ਸਾਲ ਦੇ ਸਨ। ਬੀਤੀ 15 ਮਾਰਚ ਨੂੰ ਹੀ ਇਕ ਮਹੀਨੇ ਦੀ ਛੁੱਟੀ ਕੱਟ ਕੇ ਉਹ ਡਿਊਟੀ 'ਤੇ ਪਰਤੇ ਸਨ। ਉਨ੍ਹਾਂ ਦਾ ਵਿਆਹ 18 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ 7 ਮਹੀਨੇ ਪਹਿਲਾਂ ਹੀ ਬੇਟੇ ਦੇ ਪਿਤਾ ਬਣੇ ਸਨ। ਸ਼ਹੀਦ ਭੁਪਿੰਦਰ 2015 'ਚ ਹੀ ਫ਼ੌਜ ਵਿਚ ਬਤੌਰ ਸਿਪਾਹੀ ਭਰਤੀ ਹੋਏ ਸਨ। ਪਿਛਲੇ 3 ਸਾਲ ਤੋਂ ਭੁਪਿੰਦਰ ਦੀ ਤਾਇਨਾਤੀ ਬਾਰਾਮੂਲਾ ਵਿਚ ਸੀ। ਭੁਪਿੰਦਰ ਸਿੰਘ ਦੋ ਭਰਾਵਾਂ ਵਿਚੋਂ ਵੱਡੇ ਸਨ। ਓਧਰ ਪਿਤਾ ਮਲਖਾਨ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਆਪਣੇ ਪੁੱਤ ਨੂੰ ਗੁਆ ਦੇਣ ਦਾ ਗਮ ਤਾਂ ਹੈ ਪਰ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਵੀ ਹੈ।


Tanu

Content Editor

Related News